40.26 F
New York, US
December 28, 2024
PreetNama
ਸਮਾਜ/Social

ਸਤਲੁਜ ਦਰਿਆ ‘ਚ ਰੱਸੀਆਂ ਦੇ ਸਹਾਰੇ ਕਿਸ਼ਤੀਆਂ ਤੇ ਜਿੰਦਗੀ ਹੋ ਰਹੀ ਏ ‘ਪਾਰ’

ਇਕ ਪਾਸੇ ਜਿੱਥੇ ਦੇਸ਼ ਤਰੱਕੀ ਦੀ ਰਾਹ ਤੇ ਹੈ ਅਤੇ ਦੇਸ਼ ਵਿਚ ਜਲਦੀ ਹੀ ਬੁਲੇਟ ਟਰੇਨ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਦੇ ਕੁਝ ਹਿੱਸੇ ਅਜਿਹੇ ਵੀ ਹਨ, ਜਿੱਥੇ ਆਜ਼ਾਦੀ ਦੇ 70 ਸਾਲ ਬੀਤ ਜਾਣ ਤੇ ਵੀ ਵਿਕਾਸ ਦਾ ਕੋਈ ਨਾਮ ਨਹੀਂ ਹੈ। ਹਰ ਚੋਣਾਂ ਵਿਚ ਸਤਲੁਜ ਦਰਿਆ ਦੇ ਪਾਰ ਕਈ ਪਿੰਡਾਂ ਦੇ ਲੋਕਾਂ ਨੂੰ ਸਤਲੁਜ ਤੇ ਪੁਲ ਬਣਵਾ ਕੇ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕਈ ਸਾਲ ਬੀਤ ਗਏ ਅਜੇ ਵੀ ਲੋਕ ਆਪਣੀ ਜਾਨ ਜੋਖਮ ਵਿਚ ਪਾ ਕੇ ਇਨ੍ਹਾਂ ਕਿਸ਼ਤੀਆਂ ਰਾਹੀਂ ਆਉਂਦੇ-ਜਾਂਦੇ ਹਨ।

ਕਿਸ਼ਤੀਆਂ ਵਿੱਚ ਆਪਣੇ – ਆਪਣੇ ਵਾਹਨਾਂ ਦੇ ਨਾਲ ਬੈਠ ਕੇ ਲੋਕ ਕੋਈ ਖੇਤਾਂ ਤੋਂ ਟਰੈਕਟਰ- ਟਰਾਲੀ ਵਿੱਚ ਆਪਣੀ ਫਸਲ ਨੂੰ ਮੰਡੀ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਕੋਈ ਸ਼ਹਿਰ ਤੋਂ ਘਰ ਲਈ ਸਮਾਨ ਖਰੀਦਣ ਲਈ ਜਾ ਰਿਹਾ ਹੈ। ਸ਼ਾਮ ਹੋਣ ਤੋਂ ਪਹਿਲੋਂ ਸਾਰੇ ਲੋਕ ਆਪਣਾ ਕੰਮ-ਕਾਜ ਖਤਮ ਕਰਨ ਲਈ ਉਤਾਵਲੇ ਵਿਖਾਈ ਦਿੰਦੇ ਹਨ।

ਜਾਣਕਾਰੀ ਦੇ ਅਨੁਸਾਰ ਇਨ੍ਹਾਂ ਕਿਸ਼ਤੀਆਂ ਵਿਚ ਬੈਠਕੇ ਬੱਚੇ ਰੋਜਾਨਾ ਸਕੂਲ ਅਤੇ ਗਰਭਵਤੀ ਔਰਤਾਂ ਹਸਪਤਾਲ ਜਾਣ ਨੂੰ ਮਜਬੂਰ ਹਨ । ਸਰਹੱਦ ਦੇ ਨਾਲ ਲੱਗਦੇ ਟੇਂਡੀ ਵਾਲਾ, ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਕੇ, ਕਾਲੂ ਅਰਾਈ ਹਿਠਾੜ, ਭੱਖੜਾ ਅਤੇ ਹੋਰ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਆਜ਼ਾਦ ਹੋਏ ਨੂੰ ਭਾਵੇਂ 70 ਵਰ੍ਹੇ ਹੋ ਗਏ, ਉਹ ਹਾਲੇ ਵੀ ਬੇੜੀਆਂ ਦੇ ਰਾਹੀਂ ਆਪਣੇ ਟਿਕਾਣੇ ਤੇ ਪਹੁੰਚਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਰਹੱਦ ਖੇਤਰ ਵਿਚ ਸਕੂਲ ਵੀ ਕਾਫੀ ਦੂਰ ਦੂਰ ਹਨ, ਜਿਸ ਕਾਰਨ ਬੱਚਿਆਂ ਨੂੰ ਵੀ ਬੇੜੀ ਦੇ ਜਰੀਏ ਸਕੂਲ ਜਾਣਾ ਪੈਂਦਾ ਹੈ।

ਸਰਹੱਦੀ ਪਿੰਡਾਂ ਦੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਵਿਚ ਛੇ ਸੱਤ ਮਹੀਨੇ ਛੋਟੀਆਂ ਵੱਡੀਆਂ ਕਿਸ਼ਤੀਆਂ ਤੇ ਹੀ ਜੀਵਨ ਪਾਰ ਹੁੰਦਾ ਹੈ, ਬਾਕੀ ਮਹੀਨਿਆਂ ਵਿੱਚ ਆਰਜੀ ਪੁੱਲ ਉਨ੍ਹਾਂ ਵਲੋਂ ਬਣਾਇਆ ਗਿਆ ਹੈ, ਜਿਸ ਰਾਹੀਂ ਉਹ ਆਰ ਪਾਰ ਜਾਂਦੇ ਹਨ ਪਰ ਆਰਜੀ ਪੁਲ ਵੀ ਜ਼ਿਆਦਾ ਚੰਗਾ ਨਹੀਂ ਹੈ।

ਪਿੰਡ ਚਾਂਦੀਵਾਲਾ ਦੀ ਰਹਿਣ ਵਾਲੀ 65 ਸਾਲ ਔਰਤ ਕੁਲਵੰਤੋ ਬਾਈ ਦੱਸਦੀ ਹੈ ਕਿ ਉਸ ਦੀ ਡੋਲੀ ਵੀ ਇਸ ਕਿਸ਼ਤੀ ਰਾਹੀਂ ਹੋ ਕੇ ਪਿੰਡ ਵਿੱਚ ਗਈ ਸੀ, ਕਿਉਂਕਿ ਉਨ੍ਹਾਂ ਦੇ ਸਹੁਰੇ ਦਰਿਆ ਦੇ ਉਸ ਪਾਰ ਸਨ। ਕੁਲਵੰਤੋ ਬਾਈ ਦੱਸਦੀ ਹੈ ਕਿ ਪਿਛਲੇ ਮਹੀਨੇ ਉਸ ਦੇ ਲੜਕੇ ਦਾ ਵਿਆਹ ਹੋਇਆ ਸੀ। ਵਿਆਹ ਵਾਲੀ ਕਾਰ ਉਹ ਹੁਸੈਨੀਵਾਲਾ ਪੁਲ ਦੇ ਰਸਤੇ ਲੈ ਕੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਸਹੁਰੇ ਦਰਿਆ ਦੇ ਪਾਰ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਨ।

ਪਰ ਉਹ ਲੜਕੇ ਜਾਂ ਲੜਕੀ ਦੀ ਜਾਨ ਜੋਖਣ ਵਿਚ ਨਾ ਪਾਉਂਦੇ ਹੋਏ ਹੁਸੈਨੀਵਾਲਾ ਦੇ ਰਸਤੇ 45 ਕਿਲੋਮੀਟਰ ਦੀ ਦੂਰੀ ਦਾ ਚੱਕਰ ਕੱਟ ਕੇ ਲੜਕੀ ਵਾਲਿਆਂ ਦੇ ਪਿੰਡ ਗਏ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਨਹੀਂ ਸਗੋਂ ਕਈ ਵਾਰ ਉਨ੍ਹਾਂ ਦੇ ਪਿੰਡ ਹਰ ਪਾਰਟੀ ਦੇ ਨੇਤਾ ਆਏ ਪਰ ਕਿਸੇ ਨੇ ਹਾਲੇ ਤੱਕ ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ। ਹਰ ਕੋਈ ਨੇਤਾ ਇਹ ਕਹਿ ਕੇ ਚਲਾ ਜਾਂਦਾ ਹੈ ਕਿ ਉਨ੍ਹਾਂ ਨੂੰ ਵੋਟਾਂ ਪਾਉ ਉਹ ਅਗਲੇ ਸਾਲ ਦਰਿਆ ਤੇ ਪੁਲ ਬਣਾ ਦੇਣਗੇ ਪਰ ਅਫਸੋਸ ਕੋਈ ਵੀ ਨੇਤਾ ਬਾਅਦ ਵਿਚ ਨਹੀਂ ਬਹੁੜਦਾ।

ਪੁੱਲ ਨਹੀਂ ਬਣਾ ਸਕਦੀ ਤਾਂ ਸਰਕਾਰ ਨਵੀਆਂ ਕਿਸ਼ਤੀਆਂ ਦਿੰਦੀ ਰਹੇ: ਲੋਕ

ਸਰਹੱਦੀ ਪਿੰਡਾਂ ਦੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਸਰਕਾਰ ਨੂੰ ਕਹਿਣਾ ਸੀ ਕਿ ਜੇਕਰ ਸਰਕਾਰ ਦਰਿਆ ਤੇ ਪੁਲ ਨਹੀਂ ਬਣਾ ਸਕਦੀ ਤਾਂ ਘੱਟੋਂ ਘੱਟ ਛੇ ਮਹੀਨਿਆਂ ਬਾਅਦ ਉਨ੍ਹਾਂ ਨੂੰ ਕਿਸ਼ਤੀਆਂ ਹੀ ਦਿੱਤੀ ਰੱਖੋ। ਪਿੰਡ ਕਾਲੂ ਵਾਲਾ ਦੇ ਰਹਿਣ ਵਾਲਾ ਮੱਘਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਕਿਸ਼ਤੀ ਹੈ ਉਹ ਕਿਸ਼ਤੀ ਪੰਚਾਇਤ ਵਲੋਂ ਖਰੀਦੀ ਗਈ ਹੈ। ਇਸ ਨੂੰ ਉਨ੍ਹਾਂ ਦੇ ਪਿੰਡ ਦੇ ਸਾਰੇ ਲੋਕ ਚਲਾਉਂਦੇ ਹਨ। ਪਿੰਡ ਵਿੱਚ ਮਲਾਹ ਵੀ ਹੈ, ਜੋ ਉਨ੍ਹਾਂ ਲੋਕਾਂ ਨੂੰ ਦਰਿਆ ਪਾਰ ਕਰਵਾਉਂਦਾ ਹੈ । ਉਹ ਲੋਕ ਕਿਸ਼ਤੀ ਤੇ ਬੈਠ ਕੇ ਰੋਜਾਨਾ ਆਪਣੇ – ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾਂਦੇ ਹਨ ਅਤੇ ਪਸ਼ੂਆਂ ਆਦਿ ਲਈ ਚਾਰਾ ਵਗੈਰਾ ਵੀ ਲੈ ਕੇ ਆਉਂਦੇ ਹਨ । ਸਰਹੱਦ ਅਤੇ ਸਤਲੁਜ ਨਾਲ ਘਿਰੇ ਲੋਕਾਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਹੈ ਕਿ ਪੱਕੇ ਤੌਰ ਤੇ ਪੁਲ ਬਣਾਇਆ ਜਾਵੇ।

ਸਰਕਾਰੀ ਬੱਸ ਸੇਵਾ ਵੀ ਨਾ ਪਹੁੰਚ ਸਕੀ

ਭਾਵੇਂਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਲੋਂ ਸਰਹੱਦੀ ਲੋਕਾਂ ਨੂੰ ਸਹੂਲਤਾਂ ਦੇਣ ਦੇ ਲੱਖਾਂ ਵਾਅਦੇ ਕੀਤੇ ਜਾਂਦੇ ਹਨ ਪਰ ਸਚਾਈ ਤਾਂ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਵਿਚ ਤਾਂ ਹਾਲੇ ਤੱਕ ਸਰਕਾਰ ਦੀ ਬੱਸ ਸੇਵਾ ਨਹੀਂ ਪਹੁੰਚ ਸਕੀ, ਜਿਸ ਕਾਰਨ ਇਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ 20-25 ਕਿਲੋਮੀਟਰ ਦੂਰ ਜਾ ਕੇ ਹੀ ਬੱਸ ਦਾ ਮੂੰਹ ਵੇਖਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਦੇ ਲਈ ਸਪੈਸ਼ਲ ਬੱਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਆ ਸਕੇ।

ਸਰਹੱਦੀ ਪਿੰਡਾਂ ਵਿਚ ਸਿੱਖਿਆ ਦਾ ਬਹੁਤ ਹੀ ਮਾੜਾ ਹਾਲ ਹੈ, ਕਿਉਂਕਿ ਬਹੁਤ ਸਾਰੇ ਪਿੰਡ ਇਹੋਂ ਜਿਹੇ ਹਨ, ਜਿਥੇ ਬੁਨਿਆਦੀ ਢਾਂਗੇ ਦੀਆਂ ਘਾਟਾਂ ਹਨ ਉਥੇ ਅਧਿਆਪਕਾਂ ਦੀ ਵੀ ਕਾਫੀ ਜ਼ਿਆਦਾ ਕਮੀ ਹੈ। ਦੱਸਿਆ ਜਾਂਦਾ ਹੈ ਕਿ ਬਾਰਡਰ ‘ਤੇ ਸਾਲ ਵਿਚ ਇਕ ਦੋ ਵਾਰ ਜੰਗ ਜਿਹੇ ਮਾਹੌਲ ਬਣ ਜਾਣ ਕਾਰਨ ਇਥੇ ਕੋਈ ਵੀ ਅਧਿਆਪਕ ਆ ਕੇ ਖੁਸ਼ ਨਹੀਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਸਕੂਲਾਂ ਵਿਚ ਚੌਥਾ ਦਰਜਾ ਮੁਲਾਜ਼ਮ ਵੀ ਨਹੀਂ ਹਨ।

ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਦੀ ਵੀ ਕਾਫੀ ਜ਼ਿਆਦਾ ਕਮੀ ਹੈ। ਨੌਜ਼ਵਾਨ ਪੀੜ੍ਹੀ ਨੂੰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਹ ਵੰਨ ਸਵੰਨੇ ਨਸ਼ੇ ਲਗਾ ਰਹੇ ਹਨ। ਦੂਜੇ ਪਾਸੇ ਆਏ ਹੀ ਦਿਨ ਸਰਹੱਦ ਤੇ ਹੈਰੋਇਨ ਦੇ ਪੈਕਟ ਫੜੇ ਜਾਂਦੇ ਹਨ, ਹੁਣ ਨਵੀਂ ਸੂਬਾ ਸਰਕਾਰ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕੀਤਾ ਹੈ। ਜੇ ਸਰਹੱਦੀ ਪਿੰਡਾਂ ਵਿਚ ਰਹਿੰਦੀ ਨੌਜ਼ਵਾਨ ਪੀੜੀ ਨੂੰ ਬਚਾਉਣਾ ਹੈ ਕਿ ਉਨ੍ਹਾਂ ਨੂੰ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਦੇਣਾ ਪਵੇਗਾ।

Related posts

ਇਮਰਾਨ ਖਾਨ ਦੀ ਵਿਰੋਧੀ ਧਿਰ ਨੂੰ ਧਮਕੀ, ਕਿਹਾ- ਜੇਕਰ ਅਹੁਦਾ ਛੱਡਣ ਲਈ ਮਜਬੂਰ ਕੀਤਾ ਤਾਂ ਨਤੀਜੇ ਹੋਣਗੇ ਭਿਆਨਕ

On Punjab

JNU ਹਿੰਸਾ ਤੋਂ ਬਾਅਦ AMU, BHU ਤੇ ਇਲਾਹਾਬਾਦ ਯੂਨੀਵਰਸਿਟੀ ‘ਚ ਅਲਰਟ ਜਾਰੀ

On Punjab

HC: No provision for interim bail under CrPC, UAPA

On Punjab