ਖਿੱਤੇ ਨਾਲ ਸਬੰਧਤ ਲੋਕ ਸਭਾ ਮੈਂਬਰਾਂ ਨੂੰ ਅੱਜ ਸਦਨ ਵਿਚ ਨਵੇਂ ਚੁਣੇ ਸਪੀਕਰ ਓਮ ਬਿਰਲਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਬਿਰਲਾ ਨੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਮੈਂਬਰ ਰਾਜਕੁਮਾਰ ਚੱਬੇਵਾਲ ਤੇ ਸ੍ਰੀਨਗਰ ਤੋਂ ਮੈਂਬਰ ਆਗ਼ਾ ਮੇਹਦੀ ਨੂੰ ਸਿਆਸੀ ਬਿਆਨਬਾਜ਼ੀ ਤੋਂ ਟੋਕਿਆ। ਇਹ ਤਿੰਨੋਂ ਐੱਮਪੀਜ਼ ਬਿਰਲਾ ਨੂੰ ਵਧਾਈ ਦੇਣ ਲਈ ਖੜ੍ਹੇ ਹੋਏ ਸਨ। ਬਿਰਲਾ ਨੇ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਵਰਜਿਆ, ਜੋ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਐੱਮਪੀ ਹਨ। ਬੀਬੀ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕੁਝ ਸੰਸਦ ਮੈਂਬਰਾਂ ਨੂੰ ਮਿਹਣਾ ਮਾਰਿਆ ਕਿ ‘ਉਨ੍ਹਾਂ ਚੋਣ ਜਿੱਤਣ ਲਈ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਕਰ ਲਿਆ।’
ਇਸ ’ਤੇ ਬਿਰਲਾ ਨੇ ਹਰਸਿਮਰਤ ਨੂੰ ਸਿਆਸੀ ਬਿਆਨਬਾਜ਼ੀ ਤੋਂ ਰੋਕਿਆ। ਹਰਸਿਮਰਤ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ‘‘ਛੋਟੇ ਰਾਜਾਂ ਦੀਆਂ ਖੇਤਰੀ ਪਾਰਟੀਆਂ ਦੇ ਐੱਮਪੀਜ਼ ਨੂੰ 17ਵੀਂ ਲੋਕ ਸਭਾ ਵਿਚ ਦਿੱਤੇ ਸਮੇਂ ਨਾਲੋਂ ਵੱਧ ਸਮਾਂ ਦੇਣ।’’ ਗੁੱਸੇ ਵਿਚ ਆਏ ਬਿਰਲਾ ਨੇ ਹਰਸਿਮਰਤ ਬਾਦਲ ਨੂੰ ਸਵਾਲ ਕੀਤਾ, ‘‘ਕੀ ਮੈਂ ਤੁਹਾਨੂੰ ਪਹਿਲਾਂ ਬੋਲਣ ਦਾ ਸਮਾਂ ਨਹੀਂ ਦਿੱਤਾ।’’ ਹਰਸਿਮਰਤ ਨੇ ਕਿਹਾ, ‘‘ਹਾਂ ਤੁਸੀਂ ਦਿੱਤਾ ਸੀ, ਬੱਸ ਮੈਂ ਤਾਂ ਪਹਿਲਾਂ ਨਾਲੋਂ ਵੱਧ ਸਮਾਂ ਦੇਣ ਦੀ ਗੁਜ਼ਾਰਿਸ਼ ਕਰ ਰਹੀ ਹਾਂ।’’ ਇਸ ਮਗਰੋਂ ਬਿਰਲਾ ਨੇ ‘ਆਪ’ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੂੰ ਟੋਕਿਆ ਜਦੋਂ ਚੱਬੇਵਾਲ ਨੇ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਨਾ ਦੇਣ ਦੀ ਗੱਲ ਰੱਖੀ। ਚੱਬੇਵਾਲ ਨੇ ਕਿਹਾ, ‘‘ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਮੌਕੇ ਸਪੀਕਰ ਟੀਡੀਪੀ ਦਾ ਸੀ।’’ ਸਪੀਕਰ ਬਿਰਲਾ ਨੇ ਹਾਲਾਂਕਿ ਚੱਬੇਵਾਲ ਨੂੰ ਬੈਠਣ ਲਈ ਆਖ ਕੇ ਗੱਲ ਮੁਕਾ ਦਿੱਤੀ। ਸ੍ਰੀਨਗਰ ਤੋਂ ਐੱਮਪੀ ਆਗ਼ਾ ਮੇਹਦੀ ਦੀ ਭੜਕਾਹਟ ਸਭ ਤੋਂ ਗੰਭੀਰ ਸੀ, ਜਦੋਂ ਬਿਰਲਾ ਨੂੰ ਵਿਚਾਲੇ ਰੋਕਣਾ ਪਿਆ। ਮੇਹਦੀ ਨੇ ਕਿਹਾ, ‘‘ਜੇ ਇਸ ਸਦਨ ਦੇ ਐੱਮਪੀਜ਼ ਨੂੰ ਦਹਿਸ਼ਤਗਰਦ ਕਿਹਾ ਜਾ ਸਕਦਾ ਹੈ ਤਾਂ ਫਿਰ ਕਿਸੇ ਨੂੰ ਕਿਤੇ ਵੀ ਕੁਝ ਵੀ ਕਿਹਾ ਜਾ ਸਕਦਾ ਹੈ।’’ ਮੇਹਦੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਸਬੰਧੀ ਬਿੱਲ ਮਹਿਜ਼ ਅੱਧੇ ਘੰਟੇ ਵਿਚ ਪਾਸ ਕੀਤਾ ਗਿਆ। ਬਿਰਲਾ ਨੇ ਹਾਲਾਂਕਿ ਇਸ ਦੋਸ਼ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ ਬਿੱਲ ’ਤੇ ਨੌਂ ਘੰਟੇ ਦੇ ਕਰੀਬ ਚਰਚਾ ਹੋਈ ਸੀ।