ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ (Mirabhai Chanu) ਨੂੰ ਉਨ੍ਹਾਂ ਦੀ ਇਸ ਉਪਲੱਬਧੀ ਉੱਤੇ ਮੁਬਾਰਕਬਾਦ ਦਿੱਤੀ ਹੈ। ਇਸਦੇ ਨਾਲ ਹੀ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ, ਜੋ ਪੰਜਾਬ ਪੁਲਿਸ (Punjab Police) ਵਿੱਚ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਵਧਾਈ ਦਿੱਤੀ ਹੈ।
ਓਲੰਪਿਕਸ ਦੀ ਸਿਲਵਰ ਮੈਡਲਿਸਟ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਕੁੱਲ 201 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ ਹੈ। ਸਪੀਕਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਅਤੇ ਚਾਨੂ ਵੱਲੋਂ ਮੈਡਲ ਜਿੱਤਣਾ ਸਿੱਧ ਕਰਦਾ ਹੈ ਕਿ ਕੁੜੀਆਂ ਹੁਣ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਹਨ।
ਇਸਦੇ ਨਾਲ ਹੀ ਸੰਧਵਾਂ ਨੇ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਹੈ। ਸੰਦੀਪ ਪੰਜਾਬ ਪੁਲਿਸ ਵਿਚ ਹਨ ਅਤੇ ਇਸ ਵੇਲੇ ਪੀ.ਏ.ਪੀ. ਜਲੰਧਰ ਵਿਖੇ ਸੈਂਟਰ ਸਪੋਰਟਸ ਵਿੱਚ ਤਾਇਨਾਤ ਹਨ। ਉਹ ਖੁਦ ਵੇਟਲਿਫਟਰ ਵਜੋਂ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ 1998 ਦੀਆਂ ਕੁਆਲਾ ਲੰਮਪੁਰ ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਚੁੱਕੇ ਹਨ।