ਮੈਡਰਿਡ- ਸਪੇਨ ਦੇ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਵੈਲੇਂਸੀਆ ਦੇ ਖੇਤਰੀ ਪ੍ਰਮੁੱਖ ਸ਼ਿਮੋ ਪੁਇਗ ਨੇ ਕਿਹਾ ਕਿ 17 ਹੋਰ ਲੋਕ ਹਸਪਤਾਲ ਵਿੱਚ ਭਰਤੀ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੈਲੇਂਸੀਆ ਦੇ ਉਤਰ ਵਿੱਚ ਮੋਂਕਾਡਾ ਨਗਰ ਪਾਲਿਕਾ ਦੇ ਨਰਸਿੰਗ ਹੋਮ ਤੋਂ ਕੱਢੇ ਗਏ ਕੁੱਲ 70 ਮਰੀਜ਼ਾਂ ਵਿੱਚੋਂ 25 ਲੋਕਾਂ ਨੂੰ ਬਚਾਇਆ ਹੈ। ਅਧਿਕਾਰੀਆਂ ਨੇ ਅੱਗ ਲੱਗਣ ਦਾ ਕਾਰਨ ਨਹੀਂ ਦੱਸਿਆ।
ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਨੇ ਘਟਨਾ ਦੇ ਸ਼ਿਕਾਰ ਲੋਕਾਂ ਦੇ ਪਰਵਾਰਕ ਮੈਂਬਰਾਂ ਨਾਲਹਮਦਰਦੀ ਪ੍ਰਗਟ ਕੀਤੀ ਹੈ। ਸਾਂਚੇਜ ਨੇ ਟਵੀਟ ਕੀਤਾ, ‘ਮੋਂਕਾਡਾ ਦੀ ਮਾੜੀ ਖ਼ਬਰ ਮਿਲੀ। ਪੀੜਤਾਂ ਦੇ ਪਰਵਾਰਕ ਮੈਂਬਰਾਂ ਨਾਲ ਮੇਰੀ ਹਮਦਰਦੀ ਹੈ। ਅਸੀਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਪਰਵਾਰਕ ਮੈਂਬਰਾਂ ਅਤੇ ਸ਼ਹਿਰ ਨੂੰ ਹਰਸੰਭਵ ਮਦਦ ਦਿੱਤੀ ਜਾਵੇਗੀ।’ ਮੋਂਕਾਡਾ ਵਿੱਚ ਨਗਰ ਨਿਗਮ ਅਧਿਕਾਰੀਆਂ ਨੇ ਤਿੰਨ ਦਿਨਾਂ ਦੇ ਅਫਸੋਸ ਦਾ ਐਲਾਨ ਕੀਤਾ ਅਤੇ ਟਾਊਨ ਹਾਲ ਦੀ ਇਮਾਰਤ ਉੱਤੇ ਝੰਡਾ ਅੱਧਾ ਝੁਕਾ ਦਿੱਤਾ ਅਤੇ ਦੁਪਹਿਰ ਸਮੇਂ ਪੀੜਤਾਂ ਲਈ ਇੱਕ ਮਿੰਟ ਦਾ ਮੌਨ ਰੱਖਿਆ।