ਸਪੇਸ ‘ਚ 2 ਮਹਿਲਾਵਾਂ ਜਲਦ ਹੀ ਇੱਕ ਨਵਾਂ ਇਤਿਹਾਸ ਰਚਨ ਜਾ ਰਹੀਆਂ ਹਨ । ਪੁਲਾੜ ‘ਚ ਪਹਿਲੀ ਵਾਰ ਹੋਵੇਗਾ ਕਿ ਦੋ ਔਰਤਾਂ ਪੁਲਾੜ ‘ਚ ਸਪੇਸਵਾਕ ਕਰਨਗੀਆਂ। 21 ਅਕਤੂਬਰ ਨੂੰ ਪੁਲਾੜ ਯਾਤਰੀ ਜੇਸਿਕਾ ਮੀਰ ਅਤੇ ਕ੍ਰਿਸਟੀਨਾ ਕੋਚ ਆਈ.ਐੱਸ.ਐੱਸ. (ISS) ਵਿੱਚੋਂ ਬਾਹਰ ਨਿਕਲਣਗੀਆਂ ਅਤੇ ਸਪੇਸ ਸਟੇਸ਼ਨ ਦੇ ਸੋਲਰ ਪੈਨਲ ਵਿਚ ਲੱਗੀ ਲੀਥੀਅਮ ਆਇਨ ਬੈਟਰੀ ਨੂੰ ਬਦਲਣਗੀਆਂ। ਇਸ ਤੋਂ ਪਹਿਲਾਂ ਅਜਿਹਾ ਮਾਰਚ ‘ਚ ਕੀਤਾ ਜਾਣਾ ਸੀ ਪਰ ਸਪੇਸਸੂਟ ਦੀ ਕਮੀ ਹੋਣ ਕਾਰਨ ਪ੍ਰੋਗਰਾਮ ਟੱਲ ਗਿਆ।ਖਾਸ ਗੱਲ ਇਹ ਹੋਵੇਗੀ ਕਿ ਇਕ ਵਾਰ ਨਹੀਂ ਕੁੱਲ 5 ਸਪੇਸਵਾਕ ਕੀਤੇ ਜਾਣਗੇ ਜਿਸ ਰਾਹੀਂ ਸਪੇਸ ਸਟੇਸ਼ਨ ‘ਤੇ ਮੌਜੂਦ 6 ਪੁਲਾੜ ਯਾਤਰੀ ਬਾਹਰ ਨਿਕਲ ਕੇ ਸਪੇਸ ਸਟੇਸ਼ਨ ਦੀ ਮੁਰਮੰਤ ਕਰਨਗੇ। ਇਸ ਸਮੇਂ ਜੇਸਿਕਾ ਮੀਰ, ਕ੍ਰਿਸਟੀਨੀ ਕੋਚ, ਐਂਡਰਿਊ ਮੋਰਗਨ, ਓਲੇਗ ਸਕ੍ਰੀਪੋਚਾ, ਅਲੈਗਜ਼ੈਂਡਰ ਸਕਵੋਰਤਸੋਵ ਅਤੇ ਲੂਕਾ ਪਰਮਿਤਾਨੋ ਪੁਲਾੜ ਸਟੇਸ਼ਨ ‘ਤੇ ਮੌਜੂਦ ਹਨ।ਦੱਸ ਦੇਈਏ ਕਿ ਨਾਸਾ ਸਮੇਤ ਸਾਰੀਆਂ ਪੁਲਾੜ ਏਜੰਸੀਆਂ ਵੱਲੋਂ ਖਾਸ ਪੁਲਾੜ ਯਾਤਰਾ ਕਰਨ ਵਾਲਿਆਂ ਨੂੰ ਸਪੇਸਵਾਕ ਦੀ ਸਖਤ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਟ੍ਰੇਨਿੰਗ ‘ਚ ਖਾਸ ਤੌਰ ‘ਤੇ ਸਪੇਸਸੂਟ ਪਵਾਕੇ ਉਨ੍ਹਾਂ ਨੂੰ ਮਾਈਕ੍ਰੋਗੈਵਿਟੀ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਤਾਂਜੋ ਸਪੇਸ ਦਾ ਵਾਤਾਵਰਣ ਨੂੰ ਸਮਝ ਸਕਣ। ਜ਼ਿਕਰਯੋਗ ਹੈ ਕਿ ਸਪੇਸ ਸਟੇਸ਼ਨ ‘ਤੇ 3 ਸਪੇਸ ਸੂਟ ਮੁਹਈਆ ਕਰਵਾਏ ਗਏ ਹਨ ਜਿਸ ਤੋਂ ਬਾਅਦ ਹੁਣ ਤਿੰਨ ਪੁਲਾੜ ਯਾਤਰੀ ਸਪੇਸਵਾਕ ਕਰ ਸਕਣਗੇ। ਪਰ ਹਜੇ ਸਿਰਫ ਦੋ-ਦੋ ਪੁਲਾੜ ਯਾਤਰੀ ਭੇਜਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇੱਕ ਨੂੰ ਬੈਕਅੱਪ ਵਜੋਂ ਰਖਿਆ ਜਾਵੇਗਾ ।