ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੀ ਸਬ ਡਵੀਜ਼ਨ ਮਲੋਟ ਖੇਤੀਬਾੜੀ ਸੰਦ ਬਣਾਉਣ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੇ ਹੀ ਇਕ ਮਿਹਨਤੀ ਨੌਜਵਾਨ ਨੇ ਸੰਦ ਨਿਰਮਾਣ ਵਿਚ ਸਫਲਤਾ ਦੀ ਨਵੀਂ ਉਡਾਰੀ ਭਰ ਕੇ ਆਪਣੇ ਆਪ ਨੂੰ ‘ਰੁਜ਼ਗਾਰ ਦਾਤਾ’ ਬਣਾ ਲਿਆ ਹੈ। ਮਨਵੀਰ ਸਿੰਘ ਨਾਂਅ ਦੇ ਇਸ ਨੌਜਵਾਨ ਦੇ ਬਣਾਏ ਖੇਤੀ ਸੰਦ ਖਾਸ ਕਰਕੇ ਥਰੈਸ਼ਰ ਇਸ ਸਮੇਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਪਲਾਈ ਹੋ ਰਹੇ ਹਨ।
ਮਨਵੀਰ ਸਿੰਘ ਦੱਸਦਾ ਹੈ ਕਿ ਉਸ ਦੇ ਪਿਤਾ ਗੁਰਪਾਲ ਸਿੰਘ ਵੀ ਸੰਦ ਨਿਰਮਾਣ ਦੇ ਕੰਮ ਨਾਲ ਜੁੜੇ ਹੋਏ ਸਨ ਪਰ ਉਹ ਕੁਝ ਵੱਡਾ ਕਰਨਾ ਲੋਚਦਾ ਸੀ। ਇਸ ਲਈ ਉਸ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਮਾਰਫ਼ਤ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਤਹਿਤ ਸਕੀਮ ਦਾ ਲਾਭ ਲੈ ਕੇ ਲਗਭਗ ਡੇਢ ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ। ਉਸ ਨੇ 20 ਲੱਖ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਅਤੇ ਇਸ ਕੰਮ ਵਿਚ ਸਰਕਾਰ ਦੀ ਸਕੀਮ ਤਹਿਤ ਉਸਨੂੰ 19 ਲੱਖ ਰੁਪਏ ਦਾ ਬੈਂਕ ਤੋਂ ਲੋਨ ਮਿਲ ਗਿਆ। ਪੂੰਜੀ ਮਿਲਣ ਨਾਲ ਉਸ ਨੂੰ ਆਪਣੇ ਸੰਦ ਨਿਰਮਾਣ ਦੇ ਬਿਜ਼ਨਸ ਨੂੰ ਵਿਸਥਾਰ ਦੇਣ ਵਿਚ ਮਦਦ ਮਿਲੀ। ਮਨਵੀਰ ਸਿੰਘ ਦੱਸਦਾ ਹੈ ਕਿ ਉਸ ਨੇ ਨਿਊ ਜੇਐਸ ਐਗਰੋ ਇੰਡਸਟਰੀ ਦੀ ਸਥਾਪਨਾ ਕਰਕੇ ਥਰੈਸ਼ਰ ਬਣਾਉੇਣੇ ਸ਼ੁਰੂ ਕੀਤੇ ਅਤੇ ਹੁਣ ਉਸ ਦੇ ਬਣਾਏ ਥਰੈਸ਼ਰ ਪੰਜਾਬ ਤੋਂ ਇਲਾਵਾ ਛਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਆਦਿ ਰਾਜਾਂ ਤੱਕ ਜਾਂਦੇ ਹਨ। ਉਸ ਕੋਲ ਸੀਜਨ ਦੇ ਦਿਨਾਂ ਵਿਚ ਤਾਂ 60 ਤੱਕ ਕਰਮਚਾਰੀ ਕੰਮ ਕਰਦੇ ਹਨ। ਉਹ ਆਖਦਾ ਹੈ ਕਿ ਸਵੈ ਰੋਜ਼ਗਾਰ ਵਿਚ ਨੌਜਵਾਨਾਂ ਲਈ ਵੱਡੀਆਂ ਸੰਭਾਵਨਾਵਾਂ ਹਨ ਅਤੇ ਨੌਜਵਾਨ ਨੂੰ ਇਸ ਪਾਸੇ ਵੱਲ ਆਉਣਾ ਚਾਹੀਦਾ ਹੈ।