ਸ੍ਰੀ ਅਨੰਦਪੁਰ ਸਾਹਿਬ : ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਪਹਾੜੀ ਰਾਜਿਆਂ ਤੋਂ ਫੌਜਾਂ ਨੂੰ ਬਚਾਉਣ ਅਤੇ ਉਨ੍ਹਾਂ ਨਾਲ ਲੜਾਈਆਂ ਲੜਨ ਲਈ ਸ਼ਹਿਰ ਨੂੰ ਵੱਖ-ਵੱਖ ਪੰਜ ਹਿੱਸਿਆਂ ’ਚ ਵੰਡਦਿਆਂ, ਪੰਜ ਵੱਖ-ਵੱਖ ਥਾਵਾਂ ’ਤੇ ਕਿਲ੍ਹੇ ਬਣਾਏ। ਉਨ੍ਹਾਂ ਕਿਲ੍ਹਿਆਂ ਵਿੱਚੋਂ ਇੱਕ ਕਿਲ੍ਹਾ ਹੈ ‘ਕਿਲ੍ਹਾ ਫਤਿਹਗੜ੍ਹ ਸਾਹਿਬ’ ਜੋ ਕਿ ਅੱਜ-ਕੱਲ੍ਹ ਸ਼ਹਿਰ ਦੇ ਬਿਲਕੁਲ ਵਿਚਕਾਰ ਸੰਘਣੀ ਆਬਾਦੀ ’ਚ ਹੈ। ਇਸ ਨੂੰ ਦੋ ਮੁੱਖ ਗੇਟ ਲੱਗਦੇ ਹਨ ਇੱਕ ਗੇਟ ਚੰਡੀਗੜ੍ਹ ਨੰਗਲ ਹਾਈਵੇ ਤੇ ਚਰਨ ਗੰਗਾ ਪੁਲ ਤੋਂ ਨੈਣਾਂ ਦੇਵੀ ਰੋਡ ’ਤੇ ਜਾਂਦੇ ਹੋਏ ਰਸਤੇ ’ਚ ਮੇਨ ਸੜਕ ਤੇ ਚਰਨ ਗੰਗਾ ਦੇ ਕਿਨਾਰੇ ’ਤੇ ਹੈ ਅਤੇ ਦੂਸਰਾ ਰਸਤਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਥੋੜਾ ਅੱਗੇ ਸਹਿਰ ਦੀ ਆਬਾਦੀ ਵੱਲੋਂ ਕਿਲ੍ਹਾ ਫਤਿਹਗੜ੍ਹ ਸਾਹਿਬ ਦਾ ਗੇਟ ਸਥਿਤ ਹੈ, ਉਹੀ ਸ਼ਹਿਰ ਦੀ ਆਬਾਦੀ ਵਾਲੇ ਪਾਸਿਓਂ ਮੇਨ ਰਸਤਾ ਹੈ। ਇਹ ਕਿਲ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਚੱਕ ਨਾਨਕੀ ਦੀ ਹਿਫਾਜ਼ਤ ਵਾਸਤੇ ਬਣਾਇਆ ਸੀ, ਜੋ ਕਿ ਅਹਿਮ ਕਿਲ੍ਹਾ ਮੰਨਿਆ ਜਾਂਦਾ ਸੀ। ਚੱਕ ਨਾਨਕੀ ਪਿੰਡ ਦੇ ਨਾਲ ਸਹੋਟਾ ਪਿੰਡ ’ਚ ਵੀ ਇਸ ਨਾਲ ਮਿਲਾਇਆ ਹੋਇਆ ਸੀ। ਆਮ ਤੌਰ ’ਤੇ ਆਖਿਆ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 1665 ਈਸਵੀ ’ਚ ਚੱਕ ਨਾਨਕੀ ਦੀ ਸਥਾਪਨਾ ਕੀਤੀ ਸੀ। ਦਰਅਸਲ ਅਨੰਦਪੁਰ ਸਾਹਿਬ ਪਿੰਡ ਦੀ ਨੀਂਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1689 ’ਚ ਰੱਖੀ ਸੀ। 1665 ’ਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਚੱਕ ਨਾਨਕੀ ਪਿੰਡ ਬੰਨਿਆ ਸੀ ਉਹ ਕੇਸਗੜ੍ਹ ਸਾਹਿਬ ਦੀ ਸੜਕ ਦੇ ਹੇਠਾਂ ਚੌਕ ਤੋਂ ਚਰਨ ਗੰਗਾ ਅਤੇ ਅਗਮਪੁਰ ਦੇ ਵਿਚਕਾਰ ਦਾ ਇਲਾਕਾ ਸੀ।
30 ਅਗਸਤ 1700 ਦੇ ਦਿਨ ਪਹਾੜੀ ਫ਼ੌਜਾਂ ਨੇ ਕਿਲ੍ਹਾ ਫਤਿਹਗੜ੍ਹ ਸਾਹਿਬ ’ਤੇ ਵੀ ਹਮਲਾ ਕੀਤਾ ਤੇ ਬੁਰੀ ਤਰ੍ਹਾਂ ਮਾਤ ਖਾਦੀ ਸੀ। ਇਤਿਹਾਸਕਾਰਾਂ ਅਨੁਸਾਰ ਕਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੋਬਿੰਦ ਸਿੰਘ ਜੀ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਅਸਥਾਨ ’ਤੇ ਆ ਕੇ ਬੈਠੇ ਤੇ ਫ਼ੌਜ ਤਿਆਰ ਕਰਨ ਦੀ ਸ਼ੁਰੂਆਤ ਕਰ ਕੇ ਵਿਉਤਬੰਦੀ ਕਰਨ ਲਗੇ ਫਿਰ ਇਸੇ ਜਗ੍ਹਾ ’ਤੇ ਫੌਜ ਨੂੰ ਛੇ ਸਾਲ ਸਿਖਲਾਈ ਦਿੱਤੀ। ਉਨੀਂ ਦਿਨੀਂ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਨਾਲ ਜੰਗ ਕਰਨ ਲਈ ਭੇਜਿਆ। ਗੁਰੂ ਜੀ ਨੇ ਇੱਥੋਂ ਦੇ ਜਥੇਦਾਰ ਭਾਈ ਉਦੇ ਸਿੰਘ ਨੂੰ ਮੁਕਾਬਲੇ ਲਈ ਤਿਆਰ ਬਰ ਤਿਆਰ ਕਰ ਕੇ ਭੇਜਿਆ। ਭਾਈ ਉਦੇ ਸਿੰਘ ਨੇ ਬੜੀ ਬਹਾਦਰੀ ਨਾਲ ਪਹਾੜੀ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਉਨ੍ਹਾਂ ਦੇ ਰਾਜਾ ਕੇਸਰੀ ਚੰਦ ਦਾ ਸਿਰ ਕਲਮ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ।