ਆਸਟ੍ਰੇਲੀਆ ਦੀ ਟੀਮ ਵੱਲੋਂ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਬੇਨ ਮੈਕਡਾਰਮਾਟ ਅਤੇ ਬਿਲੀ ਸਟੇਨਲੇਕ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਟੀਮ ਵਿੱਚ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਵੀ ਟੀਮ ਵਿੱਚ ਵਾਪਸੀ ਕਰਵਾਈ ਗਈ ਹੈ । ਜਿਸ ਬਾਰੇ ਮੰਗਲਵਾਰ ਨੂੰ ਆਸਟ੍ਰੇਲੀਆ ਕ੍ਰਿਕਟ ਬੋਰਡ ਵੱਲੋਂ ਐਲਾਨ ਕੀਤਾ ਗਿਆ । ਬੇਨ ਮੈਕਡਾਰਮਾਟ ਤੋਂ ਇਲਾਵਾ ਸਟਾਰ ਬੱਲੇਬਾਜ਼ ਸਮਿਥ ਅਤੇ ਵਾਰਨਰ ਨੂੰ ਇਸ ਸੀਰੀਜ਼ ਲਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਦਕਿ ਮਾਰਕਸ ਸਟੋਇੰਸ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ । ਦੱਸ ਦੇਈਏ ਕਿ ਸੱਟਾਂ ਦੇ ਚੱਲਦਿਆਂ ਸਟੋਇੰਸ ਨੇ ਵਿਸ਼ਵ ਕੱਪ ਵਿੱਚ ਸਿਰਫ 87 ਦੌੜਾਂ ਬਣਾਈਆਂ ਸਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸਟ੍ਰੇਲੀਆਈ ਟੀਮ ਦੇ ਚੋਣਕਾਰ ਟ੍ਰੇਵਰ ਹੋਂਸ ਨੇ ਕਿਹਾ ਕਿ ਉਹ ਸਮਿਥ ਅਤੇ ਡੇਵਿਡ ਦਾ ਟੀ-20 ਲਈ ਟੀਮ ਵਿੱਚ ਸਵਾਗਤ ਕਰਦੇ ਹਨ । ਉਨ੍ਹਾਂ ਦੱਸਿਆ ਕਿ ਸਮਿਥ ਸਾਰੇ ਫਾਰਮੈਟਾਂ ਵਿੱਚ ਇੱਕ ਬਿਹਤਰੀਨ ਬੱਲੇਬਾਜ਼ ਹਨ, ਜਦਕਿ ਵਾਰਨਰ ਆਸਟ੍ਰੇਲੀਆ ਦੀ ਟੀਮ ਵੱਲੋਂ ਟੀ-20 ਵਿੱਚ ਵਧੀਆ ਸਕੋਰਰ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਾਰਨਰ ਨੇ IPL ਵਿੱਚ ਵੀ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ।ਦੱਸ ਦੇਈਏ ਕਿ ਆਸਟ੍ਰੇਲੀਆ ਦੀ ਟੀਮ ਨੇ 27 ਅਕਤੂਬਰ ਤੋਂ ਪਹਿਲਾਂ ਸ਼੍ਰੀਲੰਕਾ ਨਾਲ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਦਕਿ ਇਸ ਤੋਂ ਬਾਅਦ ਤਿੰਨ ਨਵੰਬਰ ਤੋਂ ਪਾਕਿਸਤਾਨ ਨਾਲ ਵੀ 3 ਟੀ-20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ ।
previous post