ਗੁਰੂ-ਸ਼ਿਸ਼ ਦਾ ਰਿਸ਼ਤਾ ਯੁਗਾਂ ਪੁਰਾਣਾ ਹੈ। ਸਦੀਆਂ ਤੋਂ ਗੁਰੂ ਆਪਣੇ ਗੁਣ ਆਪਣੇ ਸ਼ਿਸ਼ ਨੂੰ ਸਿਖਾ ਸਮਾਜ ਦੇ ਭਲੇ ਲਈ ਕਾਰਜ ਕਰਦਾ ਆ ਰਿਹਾ ਹੈ। ਏਨੇ ਸਮੇਂ ਤੋਂ ਜੇ ਇਕ ਗੱਲ ਸਾਂਝੀ ਹੈ ਤੇ ਹੋਣੀ ਵੀ ਚਾਹੀਦੀ ਹੈ ਤਾਂ ਉਹ ਹੈ ਗੁਰੂ ਦਾ ਸਤਿਕਾਰ। ਗੁਰੂ ਹੋਣਾ ਉੱਚ ਵਿੱਦਿਆ, ਭਾਸ਼ਾਵਾਂ, ਉਮਰ ’ਤੇ ਨਿਰਭਰ ਨਹੀਂ ਕਰਦਾ ਸਗੋਂ ਸਾਡੇ ਗੁਣਾਂ ਤੇ ਉਨ੍ਹਾਂ ਗੁਣਾਂ ਨੂੰ ਕਿਸੇ ਹੋਰ ਦੇ ਜੀਵਨ ’ਚ ਸੁਧਾਰ ਕਰਨ ਲਈ ਨਿਰਸਵਾਰਥ ਭਾਵ ਨਾਲ ਵਰਤਣਾ ਹੈ ਤਾਂ ਜੋ ਕੋਈ ਉਨ੍ਹਾਂ ਨੂੰ ਧਾਰਨ ਕਰ ਕਿਸੇ ਹੋਰ ਦਾ ਸਹਾਰਾ ਬਣ ਸਕੇ। ਇਹ ਲੜੀ ਇਸੇ ਤਰ੍ਹਾਂ ਹੀ ਚੱਲਦੀ ਰਹੇ ਜਾਂ ਇੰਝ ਕਹਿ ਲਵੋ ਕਿ ਹਰ ਉਹ ਇਨਸਾਨ ਜਾਂ ਚੀਜ਼, ਜਿਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ, ਉਹ ਗੁਰੂ ਦਾ ਦਰਜਾ ਰੱਖਦਾ ਹੈ।
ਭਵਿੱਖ ਨਿਰਮਾਤਾ ਹਨ ਅਧਿਆਪਕ
ਸਭ ਤੋਂ ਮਹੱਤਵਪੂਰਨ ਗੱਲ ਕਰੀਏ ਤਾਂ ਸਮੇਂ ਤੋਂ ਵੱਡਾ ਗੁਰੂ ਕੋਈ ਨਹੀਂ, ਜੋ ਸਾਰੀ ਜ਼ਿੰਦਗੀ ਕੋਈ ਨਾ ਕੋਈ ਪਾਠ ਪੜ੍ਹਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਸਾਡੇ ਅਧਿਆਪਕ ਵੀ ਭਵਿੱਖ ਨਿਰਮਾਤਾ ਹਨ। ਜੋ ਵਿਦਿਆਰਥੀ ਨੂੰ ੳ, ਅ ਤੋਂ ਲੈ ਕੇ ਅਸਲ ਜ਼ਿੰਦਗੀ ’ਚ ਵਿਚਰਨਾ ਸਿਖਾਉਂਦੇ ਹਨ ਪਰ ਅੱਜ 21ਵੀਂ ਸਦੀ ਦਾ ਵਿਦਿਆਰਥੀ ਜਾਂ ਤਾਂ ਸਿੱਖਣ ਦਾ ਚਾਹਵਾਨ ਨਹੀਂ ਜਾਂ ਸਿੱਖ ਕੇ ਸ਼ੁਕਰਗੁਜ਼ਾਰ ਹੋਣਾ ਨਹੀਂ ਜਾਣਦਾ। ਇਹ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਦਾ ਨਤੀਜਾ ਹੈ।
ਨਿਮਰਤਾ ਦਾ ਗੁਣ ਕਰੋ ਧਾਰਨ
ਕੁਝ ਕਾਢਾਂ ਦੇ ਦੁਰਪ੍ਰਭਾਵ ਹਨ। ਇੰਟਰਨੈੱਟ ਦਾ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਜਵਾਨ ਕਰ ਦੇਣਾ ਹੈ। ਉਹ ਯੂਟਿਊਬ ਨੂੰ ਆਪਣਾ ਗੁਰੂ ਮੰਨਣ ਲੱਗ ਪਏ ਹਨ ਤੇ ਅਧਿਆਪਕ ਜਿਸ ਨੇ ਉਨ੍ਹਾਂ ਨੂੰ ਮੁੱਢਲੇ ਪਾਠ ਪੜ੍ਹਾਏ, ਉਨ੍ਹਾਂ ਨੂੰ ਪੁਰਾਣੇ ਵਿਚਾਰਾਂ ਵਾਲੇ ਆਖ ਅਗਾਂਹ ਲੰਘ ਜਾਂਦੇ ਹਨ। ਇਹ ਭਵਿੱਖ ਦਾ ਨਿਰਮਾਣ ਹੀ ਨਹੀਂ ਸਗੋਂ ਵਰਤਮਾਨ ਦਾ ਵੀ ਨਿਘਾਰ ਹੈ।
ਕੇਵਲ ਵਿਦਿਆਰਥੀ ਜੀਵਨ ’ਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਪੜਾਅ ਤੇ ਉਮਰ ਦੇ ਕਿਸੇ ਵੀ ਦਹਾਕੇ ਵਿਚ ਆਪਣੇ ਗੁਰੂ ਜਿਸ ਤੋਂ ਕਿਸੇ ਨਾ ਕਿਸੇ ਰੂਪ ’ਚ ਤੁਹਾਨੂੰ ਕੁਝ ਸਿੱਖਣ ਦਾ ਮੌਕਾ ਮਿਲਿਆ ਹੋਵੇ, ਹਮੇਸ਼ਾ ਉਸ ਦੇ ਸ਼ੁਕਰਗੁਜ਼ਾਰ ਰਹੋ। ਫਲਦਾਰ ਝੁਕੇ ਹੋਏ ਰੁੱਖਾਂ ਤੋਂ ਨਿਮਰਤਾ ਦਾ ਗੁਣ ਧਾਰਨ ਕਰ ਆਪਣੇ ਤੇ ਦੂਜਿਆਂ ਦੇ ਜੀਵਨ ’ਚ ਮਿਠਾਸ ਭਰਦੇ ਰਹੋ।