ਭਾਰਤ ਤੋਂ ਦੂਰੀ ਮਨੁੱਖੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਵਿਕਾਸ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ ਫ਼ੌਜ ਤੋਂ ਲੈ ਕੇ ਸਿੱਖਿਆ ਤੱਕ ਹਰ ਖੇਤਰ ਵਿੱਚ ਵੱਡੀ ਮਦਦ ਦਿੱਤੀ ਹੈ।
ਭਾਰਤ ਨੇ ਅਨਾਜ ਤੋਂ ਲੈ ਕੇ ਹਥਿਆਰਾਂ ਤਕ ਕੀਤੀ ਹੈ ਸਪਲਾਈ
ਏਸ਼ੀਅਨ ਲਾਈਟ ਅਖ਼ਬਾਰ ਮੁਤਾਬਕ ਭਾਰਤ ਨੇ ਸਾਲ 2015 ‘ਚ ਅਫ਼ਗਾਨ ਹਵਾਈ ਫ਼ੌਜ ਨੂੰ ਚਾਰ ਐਮਆਈ-25 ਲੜਾਕੂ ਹੈਲੀਕਾਪਟਰ ਅਤੇ ਫ਼ੌਜ ਨੂੰ 285 ਵਾਹਨਾਂ ਦੀ ਸਪਲਾਈ ਕੀਤੀ ਸੀ। 2009 ਵਿੱਚ ਜਦੋਂ ਅਫ਼ਗਾਨਿਸਤਾਨ ਵਿੱਚ ਅਨਾਜ ਸੰਕਟ ਪੈਦਾ ਹੋਇਆ, ਭਾਰਤ ਨੇ 2.5 ਲੱਖ ਟਨ ਕਣਕ ਮੁਹੱਈਆ ਕਰਵਾਈ। ਭਾਰਤ ਨੇ ਕਾਬੁਲ ਵਿੱਚ ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਚਾਈਲਡ ਹੈਲਥ ਦਾ ਮੁੜ ਨਿਰਮਾਣ ਕੀਤਾ ਸੀ।
ਨਾਗਰਿਕ ਹਵਾਬਾਜ਼ੀ ਸਮਰੱਥਾ ਦੇ ਵਿਕਾਸ ‘ਚ ਵੀ ਭਾਰਤ ਦਾ ਯੋਗਦਾਨ ਰਿਹਾ ਹੈ
ਰਿਪੋਰਟ ਮੁਤਾਬਕ ਭਾਰਤ ਨੇ ਅਫ਼ਗਾਨਿਸਤਾਨ ਨੂੰ ਆਪਣੀ ਨਾਗਰਿਕ ਹਵਾਬਾਜ਼ੀ ਸਮਰੱਥਾ ਦਾ ਵਿਸਥਾਰ ਕਰਨ ਲਈ ਤਿੰਨ ਏਅਰਬੱਸ ਜਹਾਜ਼ ਅਤੇ ਜ਼ਰੂਰੀ ਪਾਰਟਸ ਮੁਹੱਈਆ ਕਰਵਾਏ ਸਨ। ਕਰਮਚਾਰੀਆਂ ਨੂੰ ਸਿਖਲਾਈ ਵੀ ਦਿੱਤੀ ਗਈ। ਭਾਰਤ ਨੇ ਸਾਲ 2005 ਵਿੱਚ ਦੇਸ਼ ਦੇ 11 ਸੂਬਿਆਂ ਵਿੱਚ ਸੰਚਾਰ ਪ੍ਰਣਾਲੀ ਨੂੰ ਬਹਾਲ ਕਰਨ ਅਤੇ ਡਿਜੀਟਲ ਟੈਲੀਫ਼ੋਨ ਐਕਸਚੇਂਜ ਅਤੇ ਪਾਵਰ ਹਾਊਸ ਸਥਾਪਤ ਕਰਨ ਵਿੱਚ ਵੀ ਬਹੁਤ ਮਦਦ ਕੀਤੀ ਸੀ। 2001 ਦੇ ਅੰਤ ਵਿੱਚ 400 ਬੱਸਾਂ ਉਪਲਬਧ ਕਰਵਾਈਆਂ ਗਈਆਂ ਸਨ। ਹਬੀਬੀਆ ਸਕੂਲ, ਕਾਬੁਲ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ ਅਤੇ ਹਰ ਸਾਲ 500 ਅਫਗਾਨੀ ਵਿਦਿਆਰਥੀਆਂ ਲਈ ਲੰਬੇ ਸਮੇਂ ਲਈ ਵਜ਼ੀਫੇ ਦਾ ਪ੍ਰਬੰਧ ਕੀਤਾ।
ਦੱਸ ਦਈਏ ਕਿ ਭਾਰਤ ਤੋਂ ਅਫ਼ਗਾਨਿਸਤਾਨ ਨੂੰ ਸਹਾਇਤਾ ਵਜੋਂ ਪੰਜ ਲੱਖ ਕੁਇੰਟਲ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਦਾ ਰਸਤਾ ਦੇਣ ਦਾ ਐਲਾਨ ਕਰਨ ਵਾਲਾ ਪਾਕਿਸਤਾਨ ਹੁਣ ਇਸ ਸਪਲਾਈ ‘ਚ ਰੁਕਾਵਟ ਪਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇਸ ਰੂਟ ਦਾ ਐਲਾਨ ਕਰਨ ਅਤੇ ਭਾਰਤ ਸਰਕਾਰ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਸ਼ਰਤ ਰੱਖੀ ਹੈ ਕਿ ਪਾਕਿਸਤਾਨ ਦੀ ਸਰਹੱਦ ਤੋਂ ਅਫ਼ਗਾਨਿਸਤਾਨ ਤੱਕ ਵਾਹਗਾ (ਅਟਾਰੀ) ਸਰਹੱਦੀ ਰਸਤੇ ਤੋਂ ਲੰਘਣ ਵਾਲਾ ਮਾਲ ਟਰੱਕਾਂ ਵਿੱਚ ਜਾਵੇਗਾ।