ਅੱਜ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕੌਮੀ ਸੱਦੇ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ਵਿਖੇ ਸਰਕਾਰੀ ਆਈਟੀਆਈ ਲੜਕੇ ਅਤੇ ਲੜਕੀਆਂ ਵਿਖੇ ਨਵੀਂ ਸਿੱਖਿਆ ਨੀਤੀ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਆਗੂ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਲਿਆ ਕੇ ਦੇਸ਼ ਨੂੰ ਸੰਘੀ ਹਕੂਮਤ ਸਿੱਖਿਆ ਨੂੰ ਰਾਜਾਂ ਦੀ ਸੂਚੀ ਚੋਂ ਕੱਢ ਕੇ ਕੇਂਦਰੀ ਕੰਟਰੋਲ ਚ ਕਰ ਰਹੀ ਹੈ। ਨਿੱਜੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਮਿੱਥ ਕੇ ਬਰਬਾਦ ਕੀਤਾ ਜਾ ਰਿਹਾ ਹੈ। ਕੋਠਾਰੀ ਕਮਿਸ਼ਨ ਦੀਆਂ ਸਿੱਖਿਆ ਸੁਧਾਰਾਂ ਸਬੰਧੀ ਸਿਫਾਰਸ਼ਾਂ ਤਹਿਤ ਕੁੱਲ ਕੇਂਦਰੀ ਬਜਟ ਦਾ ਘੱਟੋ-ਘੱਟ ਛੇ ਪ੍ਰਤੀਸ਼ਤ ਹਿੱਸਾ ਸਿੱਖਿਆ ਦੇ ਵਿਕਾਸ ਤੇ ਖ਼ਰਚ ਕਰਨਾ ਲਾਜ਼ਮੀ ਹੈ। ਪਰ ਸਿੱਖਿਆ ਦਾ ਬਜਟ ਪਹਿਲਾਂ 1.7 ਪ੍ਰਤੀਸ਼ਤ ਕਰਕੇ ਅਸਲ ਵਿੱਚ ਸਰਕਾਰੀ ਸਕੂਲ ਬੰਦ ਕਰਨ ਦਾ ਕੰਮ ਫੜ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਯੂ ਜੀ ਸੀ ਖਤਮ ਕਰਕੇ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ ਚ ਨਾ ਮਾਤਰ ਤਨਖ਼ਾਹ ਅਤੇ ਅਧਿਆਪਕ ਭਰਤੀ ਕਰਕੇ ਪੱਕੀ ਭਰਤੀ ਤੇ ਪਾਬੰਦੀ ਲਗਾ ਕੇ ਸਿੱਖਿਆ ਜਿਹੇ ਬੁਨਿਆਦੀ ਮੁੱਦੇ ਨੂੰ ਮਿੱਟੀ ਚ ਰੋਲਿਆ ਜਾ ਰਿਹਾ ਹੈ, ਨਵੀਂ ਸਿੱਖਿਆ ਨੀਤੀ ਰਾਹੀਂ ਮਾਤ ਭਾਸ਼ਾ ਚ ਸਿੱਖਿਆ ਹਾਸਲ ਕਰਨ ਦੇ ਅਧਿਕਾਰ ਤੇ ਕਾਟਾ ਮਾਰ ਕੇ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਥੋਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸੇ ਤਰਜ਼ ਤੇ ਮੋਦੀ ਹਕੂਮਤ ਨਾਗਰਿਕਤਾ ਹੋਰ ਕਰੂੰ ਰਾਹੀਂ ਦੇਸ਼ ਨੂੰ ਧਰਮ ਦੇ ਆਧਾਰ ਤੇ ਮੁੜ ਵੰਡਣ ਦਾ ਰਾਹ ਫੜ ਰਹੀ ਹੈ। ਕੌਮੀ ਨਾਗਰਕਿਤਾ ਰਜਿਸਟਰ ਕੌਮੀ ਆਬਾਦੀ ਰਜਿਸਟਰ ਇੱਕੋ ਬੁਰਾਈ ਦੇ ਲੜ ਹਨ ਜੋ ਬਾਅਦ ਵਿੱਚ ਘੱਟ ਗਿਣਤੀਆਂ ਤੇ ਭਾਰੀ ਤਸ਼ੱਦਦ ਢਾਉਣ ਲਈ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਨਵ ਗਿੱਲ ਡਾਲਾ, ਜਸਵੀਰ ਕੌਰ ,ਹਰਮੀਤ ,ਗੁਰਪ੍ਰੀਤ ਕੌਰ, ਹਰਦੀਪ ਕੌਰ, ਨਵਜੋਤ ਕੌਰ, ਵੀਰਪਾਲ ਕੌਰ, ਪੂਜਾ ਰਾਣੀ, ਕਮਲਜੀਤ ਕੌਰ, ਕੰਵਲਜੀਤ ਅਤੇ ਸੁਮਨ ਆਦਿ ਵਿਦਿਆਰਥੀ ਹਾਜ਼ਰ ਸਨ।