ਅੱਜ ਭਾਰਤ ਭਰ ਦੇ ਵੱਖ ਵੱਖ ਵਿਦਿਅਕ ਅਦਾਰਿਆਂ ਤੋਂ ਇਲਾਵਾ ਹੋਰ ਕਈ ਜਗ੍ਹਾਵਾਂ ‘ਤੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਵੀ ਰਾਸ਼ਟਰੀ ਵਿਗਿਆਨ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਪੀਈਐਸ-1(ਪੀਪੀਐਸਸੀ) ਦੀ ਅਗਵਾਈ ਵਿਚ ਮਨਾਇਆ ਗਿਆ। ਬੱਚਿਆਂ ਨੂੰ ਸੰਬੋਧਨ ਕਰਦਿਆ ਹੋਇਆ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਵਿਗਿਆਨ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਤਾ ਹੈ। ਜੀਵਨ ਦਾ ਹਰੇਕ ਪਹਿਲੂ ਵਿਗਿਆਨ ਨਾਲ ਜੁੜਿਆ ਹੋਇਆ ਹੈ। ਬ੍ਰਹਿਮੰਡ ਵਿਚ ਵਾਪਰ ਰਹੀ ਹਰ ਕਿਰਿਆ/ਘਟਨਾ ਵਿਗਿਆਨ ਦੇ ਨਿਯਮਾਂ ਦੇ ਅਧਾਰਤ ਹੈ। ਹਰ ਵਾਪਰ ਰਹੀ, ਵਾਪਰੀ ਜਾਂ ਵਾਪਰਨ ਵਾਲੀ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ, ਜਿਸ ਨੂੰ ਵਿਗਿਆਨਕ ਖੇਤਰ ਵਿਚ ਤਰਕ ਦੀ ਕਸਵੱਟੀ ‘ਤੇ ਪਰਖਿਆ ਜਾਂਦਾ ਹੈ। ਇਸੇ ਤਰ੍ਹਾ ਆਪਣੇ ਸੰਬੋਧਨ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀ ਵਾਈਸ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਵਿਗਿਆਨ ਦੀ ਦੇਣ ਹਨ। ਵੱਡੀਆਂ-ਵੱਡੀਆਂ ਇਮਾਰਤਾਂ, ਪੁਲ, ਸਾਈਕਲ, ਸਕੂਟਰ, ਕਾਰ, ਬਿਜਲੀ, ਬਿਜਲੀ ਨਾਲ ਚੱਲਣ ਵਾਲੇ ਉਪਕਰਣ, ਰੇਡੀਓ, ਟੈਲੀਵਿਜਨ, ਟੈਲੀਫੋਨ, ਕੰਪਿਊਟਰ ਅਤੇ ਇੰਟਰਨੈਟ ਆਦਿ ਸਭ ਵਿਗਿਆਨ ਦੀ ਬਦੌਲਤ ਹੀ ਹੈ। ਬਿਮਾਰੀ ਜਾਂ ਦੁਰਘਟਨਾ ਦੀ ਸੂਰਤ ਵਿਚ ਵੱਖ-ਵੱਖ ਪ੍ਰਕਾਰ ਦੇ ਟੈਸਟ ਕਰਵਾਉਣੇ, ਦਵਾਈ ਲੈਣੀ, ਅਪਰੇਸ਼ਨ ਕਰਵਾਉਣਾ ਆਦਿ ਸਭ ਕੁਝ ਵਿਗਿਆਨਕ ਤਕਨੀਕਾਂ ਕਾਰਨ ਹੀ ਸੰਭਵ ਹੋਇਆ ਹੈ। ਇਨ੍ਹਾ ਚੀਜ਼ਾਂ/ਉਪਕਰਨਾਂ/ਤਕਨੀਕਾ ਦਾ ਨਿਰਮਾਣ ਭਗਤੀ ਕਰਦੇ ਹੋਏ ਜਾਂ ਅੱਖਾਂ ਮੀਟ ਕੇ ਨਹੀਂ ਹੋਇਆ, ਸਗੋਂ ਵਿਗਿਆਨੀਆਂ ਦੁਆਰਾ ਦਿਨ-ਰਾਤ ਜਾਗ ਕੇ ਕੀਤੀ ਮਿਹਨਤ ਦਾ ਨਤੀਜਾ ਹੈ। ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਛੇਵੀਂ ਤੋਂ ਬਾਰਵੀਂ ਤੱਕ ਸਾਇੰਸ ਵਿਸ਼ਾ ਅੰਗਰੇਜ਼ੀ ਮਾਧੀਅਮ ਵਿਚ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਅੱਗੇ ਜਾ ਕੇ ਜਿੰਨ੍ਹੇਂ ਵੀ ਡਾਕਟਰ, ਇੰਜੀਨੀਅਰ ਜਾਂ ਫਿਰ ਹੋਰ ਉੱਚ ਅਹੁਦਿਆਂ ‘ਤੇ ਬੱਚੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਅੰਗਰੇਜੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੁੰਦਾ ਹੈ। ਇਸ ਮੌਕੇ ਹੋਰਨਾਂ ਇਲਾਵਾ ਅਰਸ਼ਜੋਤ ਕੌਰ, ਰਮਨ ਜੋਸ਼ੀ, ਬਲਜੀਤ ਕੌਰ, ਜਸਵਿੰਦਰ ਕੌਰ, ਸੁਮਨਦੀਪ ਕੌਰ, ਹਰਦੀਪ ਕੁਮਾਰ, ਸੰਜੀਵ ਬਾਂਸਲ, ਮਨਜਿੰਦਰ ਕੌਰ, ਸਿਮਰਜੀਤ ਕੌਰ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸੀ।