ਪਟਿਆਲਾ : ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਯੋਗ ਅਗਵਾਈ ਹੇਠ ਆਪਣਾ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ| ਇਸ ਮੌਕੇ ਮਾਨਯੋਗ ਸ੍ਰੀ ਗੌਤਮ ਜੈਨ (ਆਈ.ਏ.ਐੱਸ.) ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਪਟਿਆਲਾ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. (ਡਾ.) ਪਰਮਿੰਦਰ ਸਿੰਘ ਪ੍ਰਿੰਸੀਪਲ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ| ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕਾਲਜ ਧੁਨੀ ਨਾਲ ਕੀਤੀ ਗਈ| ਡਾ. ਵਨੀਤਾ ਰਾਣੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਦਘਾਟਨੀ ਭਾਸ਼ਣ ਪੇਸ਼ ਕਰਦਿਆਂ ਦੱਸਿਆ ਕਿ ਕਾਲਜ ਵਿੱਚ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਮਨੁੱਖੀ ਜੀਵਨ ਦੇ ਗੁਣ ਪੈਦਾ ਹੁੰਦੇ ਹਨ| ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਨੇ ਕਾਲਜ ਦੀ ਸਾਲ ਭਰ ਦੀ ਪ੍ਰਗਤੀ ਨੂੰ ਦਰਸਾਉਂਦੀ ਸਾਲਾਨਾ ਰਿਪੋਰਟ ਪੇਸ਼ ਕੀਤੀ| ਅਕਾਦਮਿਕ, ਸੱਭਿਆਚਾਰਕ, ਖੇਡਾਂ ਅਤੇ ਐੱਨ.ਐੱਸ.ਐੱਸ .ਆਦਿ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਪਛਾਣਨ ਲਈ ਇਹ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ| ਵਿਦਿਆਰਥੀਆਂ ਨੇ 7 ਰੋਲ ਆਫ ਆਨਰ, 14 ਕਾਲਜ ਕਲਰ, 65 ਮੈਰਿਟ ਸਰਟੀਫਿਕੇਟ ਅਤੇ 70 ਤੋਂ ਵੱਧ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ| ਸਮਾਜ ਦੀਆਂ ਸਨਮਾਨ ਯੋਗ ਸ਼ਖਸੀਅਤਾਂ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਤ ਕਰਨ ਲਈ ਐਵਾਰਡ ਆਫ ਆਨਰ ਵੀ ਦਿੱਤਾ ਗਿਆ| ਮੁੱਖ ਮਹਿਮਾਨ ਨੇ ਇਨਾਮ ਵੰਡੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ| ਆਗਾਮੀ ਸੈਸ਼ਨ 2023-24 ਦਾ ਕਾਲਜ ਪ੍ਰਾਸਪੈਕਟਸ ਜਾਰੀ ਕਰਨ ਲਈ ਵੀ ਇਹ ਵਿਸ਼ੇਸ਼ ਦਿਨ ਚੁਣਿਆ ਗਿਆ| ਪ੍ਰਿੰਸੀਪਲ, ਮਹਿਮਾਨਾਂ ਅਤੇ ਸਟਾਫ ਨੇ ਕਾਲਜ ਦਾ ਪ੍ਰਾਸਪੈਕਟਸ ਜਾਰੀ ਕੀਤਾ| ਵਿਸ਼ੇਸ਼ ਮਹਿਮਾਨ ਪ੍ਰੋ. (ਡਾ.) ਪਰਮਿੰਦਰ ਸਿੰਘ ਨੇ ਇਸ ਸੰਸਥਾ ਨੂੰ ਸਫਲਤਾ ਦੇ ਰਾਹ ’ਤੇ ਲੈ ਕੇ ਜਾਣ ਲਈ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ| ਪ੍ਰੋਗਰਾਮ ਦੇ ਕੋਆਰਡੀਨੇਟਰ ਰਾਮ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ| ਉਨ੍ਹਾਂ ਨੇ ਸਟਾਫ, ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਨਮਾਨਤ ਮਹਿਮਾਨਾਂ ਦਾ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਹਾਜ਼ਰੀ ਲਈ ਧੰਨਵਾਦ ਕੀਤਾ| ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰ ਨੂੰ ਸ਼ਰਧਾਂਜਲੀ ਵਜੋਂ ਰਾਸ਼ਟਰੀ ਗੀਤ ਪੇਸ਼ ਕਰਨ ਨਾਲ ਕੀਤੀ ਗਈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਆਰ.ਕੇ. ਸ਼ਰਮਾ, ਡਾ. ਤਰਸੇਮ ਕੁਮਾਰ ਬਾਂਸਲ, ਸ੍ਰੀ ਐੱਚ.ਐੱਲ.ਬਾਂਸਲ, ਸ੍ਰੀ ਰਤਨ ਗੁਪਤਾ, ਸ੍ਰੀ ਪਵਨ ਕੁਮਾਰ ਨਰੂਲਾ, ਸ੍ਰੀ ਉਮੇਸ਼ ਕੁਮਾਰ ਘਈ (ਅਲੂਮਨੀ ਮੈਂਬਰ), ਸ੍ਰੀ ਮਾਨਿਕ ਰਾਜ ਸਿੰਗਲਾ, ਸ੍ਰੀ ਯੋਗੇਸ਼ਵਰ ਸਿੰਘ, ਸ੍ਰੀ ਕੁਲਦੀਪ ਸਿੰਘ (ਮੁੱਖ ਅਧਿਆਪਕ ਉਚਾ ਗਾਉਂ), ਸ੍ਰੀ ਕੰਵਰ ਇੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ ਪੀ.ਟੀ.ਏ.) ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ|