ਸਵਿੰਦਰ ਕੌਰ, ਮੋਹਾਲੀ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ਼ਰੀਬਾਂ ਨੂੰ ਕੈਪਟਨ ਸਰਕਾਰ ਦੇ ਏਜੰਡੇ ਤੋਂ ਬਾਹਰ ਦੱਸਿਆ ਹੈ। ਮਾਨ ਨੇ ਅਜਿਹਾ ਸਿੱਖਿਆ ਮੰਤਰੀ ਓਪੀ ਸੋਨੀ ਦੀ ਸਰਕਾਰੀ ਸਕੂਲਾਂ ਬਾਰੇ ਵਿਵਾਦਤ ਟਿੱਪਣੀ ‘ਤੇ ਪ੍ਰਤੀਕਰਮ ਵਜੋਂ ਕਿਹਾ ਹੈ।
ਮਾਨ ਨੇ ਕਿਹਾ ਕਿ ਬੇਹੱਦ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਤੁਲਨਾ ਢਾਬੇ ਤੇ ਪੰਜ ਸਿਤਾਰਾ ਹੋਟਲ ਦੇ ਖਾਣੇ ਵਿੱਚ ਫਰਕ ਕਰਕੇ ਸਮਝਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਸਾਫ਼ ਹੈ ਕਿ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਨੇਤਾਵਾਂ ਦੀ ਹਿੱਸੇਦਾਰੀ ਹੈ। ਮਾਨ ਨੇ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਉੱਥੇ ਤਾਂ ‘ਢਾਬੇ’ ਹੀ ਕਾਮਯਾਬ ਹਨ।
ਸੰਗਰੂਰ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਅਜਿਹੇ ਬਿਆਨ ਤੋਂ ਕੈਪਟਨ ਸਰਕਾਰ ਦੀ ਸਕੂਲਾਂ ਪ੍ਰਤੀ ਸੰਜੀਦਗੀ ਸਾਫ ਜ਼ਾਹਰ ਹੁੰਦੀ ਹੈ। ਸਰਕਾਰੀ ਸਕੂਲਾਂ ਵਿੱਚ ਨਾ ਹੀ ਕੋਈ ਸੁਵਿਧਾਵਾਂ ਹਨ, ਨਾ ਹੀ ਬੱਚਿਆਂ ਦੇ ਪੜ੍ਹਨ ਲਈ ਬੈਂਚ ਹਨ ਤੇ ਨਾ ਪੀਣ ਲਈ ਪਾਣੀ। ਇਸ ਤੋਂ ਸਾਫ ਹੈ ਕਿ ਗ਼ਰੀਬ ਤੇ ਆਮ ਲੋਕ ਕੈਪਟਨ ਸਰਕਾਰ ਦੇ ਏਜੰਡੇ ‘ਤੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਹੈ। ਹੁਣ ਸਰਕਾਰ ਨੇ ਹਰ ਸਹੂਲਤ ਆਮ ਲੋਕਾਂ ਦੇ ਵਿਤੋਂ ਬਾਹਰ ਕਰ ਦਿੱਤੀ ਗਈ ਹੈ। ਮਾਨ ਨੇ ਦਿੱਲੀ ਤੇ ਪੰਜਾਬ ਦੀ ਤੁਲਨਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਬਿਜਲੀ ਬਣਾਉਂਦੀ ਨਹੀਂ ਬਲਕਿ ਖਰੀਦਦੀ ਹੈ, ਫਿਰ ਵੀ ਉੱਥੇ ਬਿਜਲੀ ਇੱਕ ਰੁਪਏ ਪ੍ਰਤੀ ਯੂਨਿਟ ਹੈ ਪਰ ਪੰਜਾਬ ਬਿਜਲੀ ਬਣਾ ਕੇ ਵੀ ਆਪਣੇ ਲੋਕਾਂ ਤੋਂ 10 ਰੁਪਏ ਪ੍ਰਤੀ ਯੂਨਿਟ ਵਸੂਲਦਾ ਹੈ।