Commerce ministry restrict duty-free alcohol: ਨਵੀਂ ਦਿੱਲੀ: ਦੇਸ਼ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਹੁਣ ਤੁਸੀ ਡਿਊਟੀ ਫ੍ਰੀ ਦੁਕਾਨਾਂ ਤੋਂ ਦੋ ਬੋਤਲਾਂ ਸ਼ਰਾਬ ਦੀਆਂ ਨਹੀਂ ਖਰੀਦ ਸਕੋਗੇ । ਕੇਂਦਰ ਸਰਕਾਰ ਵੱਲੋਂ ਸ਼ਰਾਬ ਖਰੀਦਣ ਦੀ ਲਿਮਟ ਨੂੰ ਦੋ ਬੋਤਲਾਂ ਤੋਂ ਘਟਾ ਕੇ ਇਕ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ । ਇਸ ਦਾ ਕਾਰਨ ਹੈ ਕਿ ਸ਼ਰਾਬ ‘ਤੇ ਇਸ ਰੋਕ ਨਾਲ ਹਵਾਈ ਅੱਡਿਆਂ ਦੇ ਰੈਵੇਨਿਊ ਵਿੱਚ ਕਮੀ ਹੋਵੇਗੀ, ਜਿਸ ਦੀ ਭਰਪਾਈ ਲਈ ਲੈਂਡਿੰਗ ਤੇ ਪਾਰਕਿੰਗ ਚਾਰਜਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ ਇਸ ਦਾ ਅੰਤਿਮ ਪ੍ਰਭਾਵ ਮੁਸਾਫਰਾਂ ਦੀ ਜੇਬ ‘ਤੇ ਪਵੇਗਾ । ਅਗਾਮੀ ਬਜਟ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਵੱਲੋਂ ਇਸਦਾ ਐਲਾਨ ਕੀਤਾ ਜਾ ਸਕਦਾ ਹੈ ।
ਸਰਕਾਰੀ ਕੰਪਨੀ ਭਾਰਤੀ ਹਵਾਈ ਅੱਡਾ ਅਥਾਰਟੀ (AAI) ਤੇ ਨਿੱਜੀ ਹਵਾਈ ਅੱਡੇ ਦੇ ਸੰਚਾਲਕਾਂ ਵੱਲੋਂ ਇਹ ਸੰਭਾਵਨਾ ਜਤਾਈ ਗਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਇਸ ਸਬੰਧ ਵਿੱਚ ਅਪੀਲ ਕਰਨਗੇ ਤੇ ਦੱਸਣਗੇ ਕਿ ਸ਼ਰਾਬ ਵਿਕਰੀ ਘਟਣ ਨਾਲ ਹਵਾਈ ਅੱਡਿਆਂ ਦੇ ਮਾਲੀਏ ਵਿੱਚ ਆਉਣ ਵਾਲੀ ਕਮੀ ਕਾਰਨ ਇਸ ਦੀ ਪੂਰਤੀ ਲਈ ਲੈਂਡਿੰਗ ਤੇ ਪਾਰਕਿੰਗ ਚਾਰਜ ਵਧਾਉਣਾ ਪਵੇਗਾ ।
ਸੂਤਰਾਂ ਅਨੁਸਾਰ ਇਹ ਸਿਫਾਰਸ਼ ਵਣਜ ਮੰਤਰਾਲੇ ਵੱਲੋਂ ਵਿੱਤ ਮੰਤਰਾਲੇ ਨੂੰ ਭੇਜੀ ਗਈ ਹੈ । ਇਸ ਸਬੰਧੀ ਵਣਜ ਮੰਤਰਾਲੇ ਦਾ ਕਹਿਣਾ ਹੈ ਕਿ ਬਹੁਤ ਸਾਰੇ ਦੇਸ਼ ਅਜੇ ਵੀ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੱਧ ਤੋਂ ਵੱਧ ਇਕ ਲੀਟਰ ਸ਼ਰਾਬ ਖਰੀਦਣ ਦੀ ਆਗਿਆ ਦਿੰਦੇ ਹਨ ।
ਉਨ੍ਹਾਂ ਦੱਸਿਆ ਕਿ ਡਿਊਟੀ ਫ੍ਰੀ ਦੁਕਾਨ ਤੋਂ ਦੇਸ਼ ਵਿੱਚ ਆਉਣ ਵਾਲਾ ਵਿਦੇਸ਼ੀ ਯਾਤਰੀ ਆਮ ਤੌਰ ‘ਤੇ ਲਗਭਗ 50,000 ਰੁਪਏ ਦਾ ਸਮਾਨ ਖਰੀਦ ਸਕਦਾ ਹੈ ਅਤੇ ਇਸ ‘ਤੇ ਆਯਾਤ ਡਿਊਟੀ ਨਹੀਂ ਦੇਣੀ ਪੈਂਦੀ । ਜਿਸ ਕਰਨ ਸਰਕਾਰ ਨੂੰ ਆਮਦਨੀ ਦਾ ਨੁਕਸਾਨ ਹੁੰਦਾ ਹੈ । ਇਸੇ ਕਾਰਨ ਹੈ ਕਿ ਡਿਊਟੀ ਫ੍ਰੀ ਸਟੋਰ ਤੋਂ ਸਿਗਰੇਟ ਖਰੀਦਣ ਦੀ ਸਹੂਲਤ ਵੀ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਣਜ ਮੰਤਰਾਲੇ ਵੱਲੋਂ ਆਯਾਤ ਕੀਤੇ ਜਾਂਦੇ ਖਿਡੌਣਿਆਂ ਅਤੇ ਫੁਟਵੇਅਰ ਆਦਿ ‘ਤੇ ਕਸਟਮ ਡਿਊਟੀ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ । ਜਿਸ ਕਾਰਨ ਅਗਾਮੀ ਬਜਟ ਵਿੱਚ ਵਿੱਤ ਮੰਤਰਾਲੇ ਵੱਲੋਂ ਇਨ੍ਹਾਂ ਤੋਂ ਇਲਾਵਾ ਹੋਰ 300 ਚੀਜ਼ਾਂ ‘ਤੇ ਕਸਟਮ ਡਿਊਟੀ ਵਧਾਈ ਜਾ ਸਕਦੀ ਹੈ ।