52.97 F
New York, US
November 8, 2024
PreetNama
ਖੇਡ-ਜਗਤ/Sports News

ਸਰਕਾਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਲਵੇ ਸਾਰ

ਸਰਕਾਰੀ ਸਕੂਲਾਂ ’ਚ ਕੰਮ ਕਰ ਰਹੇ ਸਿਹਤ ਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਆਪਕ ਸਕੂਲਾਂ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਇਹ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ- ਨਾਲ ਜਿੱਥੇ ਸਰਬਪੱਖੀ ਵਿਕਾਸ ਦਾ ਇਕ ਹਿੱਸਾ ਹਨ, ਉੱਥੇ ਵਿਦਿਆਰਥੀਆਂ ਨੂੰ ਖੇਡ ਪੱਖੋਂ ਪੂਰਨ ਤੌਰ ’ਤੇ ਤਰਾਸ਼ ਕੇ ਉਨ੍ਹਾਂ ਨੂੰ ਜ਼ੋਨਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ, ਪੰਜਾਬ ਪੱਧਰ, ਕੌਮੀ ਪੱਧਰ ਤੇ ਇੱਥੋਂ ਤਕ ਕਿ ਆਲਮੀ ਪੱਧਰ ਦਾ ਹੋਣਹਾਰ ਖਿਡਾਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਿਚ ਸਹਾਈ ਹੁੰਦੇ ਹਨ।

ਖਿਡਾਰੀ ਬਣਾਉਣ ’ਚ ਅਹਿਮ ਯੋਗਦਾਨ

ਖਿਡਾਰੀ ਬਣਾਉਣ ਵਿਚ ਭਾਵੇਂ ਕੋਚ ਵੀ ਸਲਾਹੁਣਯੋਗ ਕਦਮ ਉਠਾਉਂਦੇ ਹਨ ਪਰ ਇੱਥੇ ਇਹ ਗੱਲ ਵੀ ਇਕ ਹਕੀਕਤ ਹੈ ਕਿ ਸਿਹਤ ਤੇ ਸਰੀਰਕ ਸਿੱਖਿਆ ਦੇ ਅਧਿਆਪਕ ਵਿਦਿਆਰਥੀ ਨੂੰ ਇਕ ਯੋਗ ਖਿਡਾਰੀ ਬਣਾਉਣ ’ਚ ਪਹਿਲ ਕਦਮੀ ਕਰਦਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਜ਼ੋਨਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਤੋਂ ਮਿਲਦੀ ਹੈ ਜੋ ਹਰ ਸਾਲ ਪੰਜਾਬ ਭਰ ਦੇ ਸਕੂਲਾਂ ਦੀ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਸਰੀਰਕ ਸਿੱਖਿਆ ਅਧਿਆਪਕ ਮੋਹਰੀ ਰੋਲ ਅਦਾ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਚੰਗੇ ਖਿਡਾਰੀ ਵਜੋਂ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਇਹ ਖੇਡਾਂ ਦੀ ਪੌੜੀ ਦਾ ਪਹਿਲਾ ਤੇ ਦੂਜਾ ਡੰਡਾ ਹੈ।

ਕੌਮੀ ਪੱਧਰ ’ਤੇ ਚਮਕਦੇ ਨੇ ਖਿਡਾਰੀ

ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਵੱਖ-ਵੱਖ ਖੇਡਾਂ ਦੇ ਕੋਚ ਦੇ ਹੱਥ ਇਹ ਖਿਡਾਰੀ ਆਉਂਦੇ ਹਨ ਤੇ ਸਿਖਲਾਈ ਕੈਂਪ ਦੌਰਾਨ ਇਨ੍ਹਾਂ ਖਿਡਾਰੀਆਂ ਨੂੰ ਕੋਚ ਅਭਿਆਸ ਜ਼ਰੀਏ ਵਧੀਆ ਖਿਡਾਰੀ ਬਣਾ ਕੇ ਕੌਮੀ ਪੱਧਰ ਤੇ ਫਿਰ ਆਲਮੀ ਪੱਧਰ ਦੇ ਮੁਕਾਬਲਿਆਂ ’ਚ ਲਿਜਾ ਕੇ ਭਾਰਤ ਦਾ ਨਾਂ ਸੁਨਹਿਰੇ ਪੰਨਿਆਂ ’ਚ ਦਰਜ ਕਰਵਾਉਂਦੇ ਹਨ। ਕੌਮੀ ਸਕੂਲ ਖੇਡਾਂ ਦੇ ਮੁਕਾਬਲਿਆਂ ’ਚ ਅਨੇਕਾਂ ਵਾਰ ਸਿਹਤ ਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਆਪਕਾਂ ਨੂੰ ਟੀਮਾਂ ਨਾਲ ਜਾਣ ਦਾ ਮੌਕਾ ਮਿਲਦਾ ਹੈ।

ਵਧੀਆ ਖਿਡਾਰੀ ਪੈਦਾ ਕਰਨ ਵਾਲੇ ਸਿਹਤ ਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੇ ਨਾ ਲਵਾਂ ਤਾਂ ਸੂਚੀ ਬਹੁਤ ਹੀ ਲੰਬੀ ਹੋ ਜਾਵੇਗੀ।

ਕੱਢੀਆਂ ਜਾਣ ਅਸਾਮੀਆਂ

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਉਹ ਸਿੱਖਿਆ ਵਿਭਾਗ ਨੂੰ ਹਦਾਇਤ ਕਰਨ ਕਿ ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕ ਦੀਆਂ ਅਸਾਮੀਆਂ ਦੀ ਕਟੌਤੀ ਨਾ ਕਰ ਕੇ ਬਕਾਇਦਾ ਪਹਿਲੀ ਤੋਂ ਬਾਰ੍ਹਵੀਂ ਤਕ ਦੀਆਂ ਬਣਦੀਆਂ ਨਵੀਆਂ ਅਸਾਮੀਆਂ ਕੱਢੀਆਂ ਜਾਣ, ਕਟੌਤੀ ਕੀਤੀਆਂ ਅਸਾਮੀਆਂ ਦੀ ਮੁੜ ਬਹਾਲੀ ਕੀਤੀ ਜਾਵੇ, 228 ਪੀ.ਟੀ.ਆਈ. ਨੂੰ ਬਲਾਕਾਂ ’ਚੋਂ ਮੁੜ ਆਪਣੇ ਪਿੱਤਰੀ ਸਕੂਲਾਂ ਵਿਚ ਭੇਜਿਆ ਜਾਵੇ, ਪੀ.ਟੀ.ਆਈ. ਤੋਂ ਡੀ.ਪੀ.ਈ. ਦੀ ਰਹਿੰਦੀ (2016 ਤੋਂ ਪੈਂਡਿੰਗ ) ਤਰੱਕੀ ਅਤੇ ਡੀ.ਪੀ.ਈ. ਤੋਂ ਲੈਕਚਰਾਰ ਤਰੱਕੀ ਤੁਰੰਤ ਕੀਤੀ ਜਾਵੇ, ਪੀਰੀਅਡਾਂ ਦੀ ਪਹਿਲਾਂ ਵਾਂਗ ਵੰਡ ਕਰ ਕੇ ਪੱਕੇ ਤੌਰ ’ਤੇ 6ਵੀਂ ਤੋਂ 10ਵੀਂ ਤਕ ਲਾਜ਼ਮੀ ਵਿਸ਼ਾ ਕੀਤਾ ਜਾਵੇ, ਐੱਨ. ਐੱਸ. ਕਿਊ. ਐੱਫ. ਦੀਆਂ ਗਰਾਂਟਾਂ ਵਧਾਈਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖ਼ਾਹ ਕਮਿਸ਼ਨ ’ਚ ਸੁਧਾਰ ਕਰ ਕੇ ਦਰ 3.74 ਕੀਤੀ ਜਾਵੇ, ਖੇਡਾਂ ਤੇ ਖਿਡਾਰੀਆਂ ਦੀਆਂ ਸਹੂਲਤਾਂ ਵਿਚ ਸੁਧਾਰ ਕਰ ਕੇ ਖਿਡਾਰੀਆਂ ਲਈ ਚੰਗੇ ਖੇਡ ਮੈਦਾਨ ਤੇ ਖ਼ੁਰਾਕ ਦਾ ਪੂਰਨ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਨੀਆ ਭਰ ਵਿਚ ਭਾਰਤ ਤੇ ਪੰਜਾਬ ਦਾ ਨਾਂ ਹੋਰ ਰੋਸ਼ਨ ਹੋ ਸਕੇ। ਨਵੇਂ ਮੁੱਖ ਮੰਤਰੀ ਤੋਂ ਉਮੀਦ ਹੈ ਕਿ ਉਹ ਸਮੂਹ ਸਿਹਤ ਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਸਾਰ ਲੈਣਗੇ।

ਕੀਤੀ ਜਾ ਰਹੀ ਹੈ ਵਿਸ਼ੇ ਦੀ ਅਣਦੇਖੀ

ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਆਪਕ ਇਸ ਮਹੱਤਵਪੂਰਨ ਕੰਮ ਤੋਂ ਇਲਾਵਾ ਸਕੂਲਾਂ ’ਚ ਰਹਿ ਕੇ ਸਵੇਰ ਦੀ ਸਭਾ ਕਰਵਾਉਣੀ, ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਵਾਂ ਕਰਵਾਉਣੀਆਂ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ, ਸਕੂਲ ਵਿਚ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਤੇ ਅਨੁਸ਼ਾਸਨ ਬਣਾਈ ਰੱਖਣਾ, ਵਿਦਿਆਰਥੀਆਂ ਨੂੰ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਸਬੰਧੀ ਗਿਆਨ ਭਰਪੂਰ ਜਾਣਕਾਰੀ ਦੇਣਾ, ਆਮ ਅਧਿਆਪਕਾਂ ਵਾਂਗ ਨਤੀਜੇ ਤਿਆਰ ਕਰਨੇ ਆਦਿ ਕੰਮ ਵੀ ਤਨਦੇਹੀ ਨਾਲ ਕਰਦੇ ਹਨ। ਉਨ੍ਹਾਂ ਵੱਲੋਂ ਸਕੂਲਾਂ ਵਿਚ ਵਿਸ਼ੇਸ਼ ਸੇਵਾਵਾਂ ਦੇਣ ਤੇ ਵਧੀਆ ਭੂਮਿਕਾ ਨਿਭਾਉਣ ਦੇ ਬਾਵਜੂਦ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਸਰੀਰਕ ਸਿੱਖਿਆ ਦੇ ਵਿਸ਼ੇ ਦੀ ਅਣਦੇਖੀ ਕਰ ਰਹੀ ਹੈ।

Related posts

Union Budget 2021 : ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ, 230 ਕਰੋੜ ਤੋਂ ਵੱਧ ਦੀ ਕਟੌਤੀ

On Punjab

ਭਾਰਤ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੀ ਹਾਰ, ਵਨਡੇ ਸੀਰੀਜ਼ ਵੀ ਗਵਾਈ

On Punjab

ਸਿੰਧੂ ਤੇ ਸਮੀਰ ਦੀ ਦਮਦਾਰ ਸ਼ੁਰੂਆਤ

On Punjab