ਨਵੀਂ ਦਿੱਲੀ-ਕਰਦਾਤਾ ਦੇ ਹੱਥ ਵਿੱਚ ਵਧੇਰੇ ਪੈਸਾ ਛੱਡਣ ਦੇ ਮਕਸਦ ਨਾਲ ਕੇਂਦਰੀ ਬਜਟ 2025-26 ਵਿੱਚ ਟੈਕਸ ਦੇ ਨਵੇਂ ਸਲੈਬ ਲਿਆਉਣ ਤੋਂ ਬਾਅਦ ਹੁਣ ਸਰਕਾਰ ਬਹੁਤ ਬੇਸਬਰੀ ਨਾਲ ਉਡੀਕੇ ਜਾ ਰਹੇ ਨਵੇਂ ਆਮਦਨ ਕਰ ਦਾ ਖਰੜਾ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ। ਤਜਵੀਜ਼ਤ ਬਿੱਲ ਦਾ ਮਕਸਦ ਮੌਜੂਦਾ ਆਮਦਨ ਕਰ ਐਕਟ ਵਿੱਚ ਵਿਆਪਕ ਸੁਧਾਰ ਲਿਆਉਣਾ ਹੈ ਅਤੇ ਇਸ ਐਕਟ ਸਬੰਧੀ ਦਸਾਤਵੇਜ਼ ਦੇ ਸ਼ਬਦ ਮੌਜੂਦਾ ਕਰੀਬ ਛੇ ਲੱਖ ਤੋਂ ਘੱਟ ਕੇ ਤਿੰਨ ਲੱਖ ਤੱਕ ਸਿਮਟ ਜਾਣਗੇ।
ਐੱਨਡੀਟੀਵੀ ਪ੍ਰੋਫਿਟ ਦੀ ਅੱਜ ਆਈ ਇੱਕ ਰਿਪੋਰਟ ਵਿੱਚ ਜਾਣਕਾਰ ਲੋਕਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਵੀਆਂ ਛੋਟ ਸੀਮਾਵਾਂ ਤੋਂ ਬਾਅਦ ਟੈਕਸ ਅਧਾਰ ਵਿੱਚ ਆਏ ਨਿਘਾਰ ਨੂੰ ਦੇਖਦੇ ਹੋਏ ਬਿੱਲ ਦੇ ਖਰੜੇ ਵਿੱਚ ਟੈਕਸ ਦੇ ਦਾਇਰੇ ਨੂੰ ਵਧਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਤੋਂ ਬਾਅਦ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਨਵੀਂ ਟੈਕਸ ਪ੍ਰਣਾਲੀ ਅਧੀਨ ਵਧੀਆਂ ਛੋਟਾਂ ਨਾਲ ਲਗਪਗ ਇਕ ਕਰੋੜ ਕਰਦਾਤਾਵਾਂ ਨੂੰ ਸਿੱਧਾ ਲਾਭ ਹੋਵੇਗਾ। ਟੈਕਸ ਛੋਟ ਸੀਮਾ ਸੱਤ ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰਨ ਨਾਲ ਇੱਕ ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ। ਬਜਟ 2025-26 ਵਿੱਚ ਤਜਵੀਜ਼ਤ ਨਵੇਂ ਸਲੈਬਾਂ ਅਨੁਸਾਰ 12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ ਜੋ ਕਿ ਟੈਕਸ ਢਾਂਚੇ ਵਿੱਚ ਇੱਕ ਫੈਸਲਾਕੁਨ ਤਬਦੀਲੀ ਹੈ।