ਦੱਖਣੀ-ਪੂਰਬੀ ਯੂਰਪ ਦੇ ਦੇਸ਼ ਸਰਬੀਆ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਥੇ ਇੱਕ ਸਕੂਲ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅੱਠ ਵਿਦਿਆਰਥੀ ਅਤੇ ਇੱਕ ਸੁਰੱਖਿਆ ਗਾਰਡ ਦੱਸਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਸਰਬੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਗੋਲੀਬਾਰੀ ਦਾ ਪਤਾ ਲੱਗਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਥਿਤੀ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਹਮਲੇ ‘ਚ 6 ਵਿਦਿਆਰਥੀ ਅਤੇ ਇਕ ਅਧਿਆਪਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀਬਾਰੀ ਅੱਜ ਸਵੇਰੇ (ਬੁੱਧਵਾਰ, 3 ਮਈ) ਬੇਲਗ੍ਰੇਡ ਦੇ ਵਲਾਦਿਸਲਾਵ ਰਿਬਨੀਕਰ ਸਕੂਲ ਵਿੱਚ ਹੋਈ। ਜਿੱਥੇ ਕਈ ਵਿਦਿਆਰਥੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ‘ਚ 14 ਸਾਲਾ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ‘ਤੇ ਆਪਣੇ ਪਿਤਾ ਦੀ ਬੰਦੂਕ ਦੀ ਵਰਤੋਂ ਕਰਨ ਦਾ ਦੋਸ਼ ਹੈ। ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ, “ਸਕੂਲ ‘ਚ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਪੁਲਿਸ ਦੀ ਗਸ਼ਤੀ ਟੀਮ ਤੁਰੰਤ ਉੱਥੇ ਪਹੁੰਚ ਗਈ। ਮੌਕੇ ‘ਤੇ ਇਕ ਸ਼ੱਕੀ ਨਾਬਾਲਗ ਨੂੰ ਫੜ ਲਿਆ ਗਿਆ।” ਇਸ ਬਿਆਨ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਫੜਿਆ ਗਿਆ ਨਾਬਾਲਗ ਲੜਕਾ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ, ਪਤਾ ਲੱਗਾ ਹੈ ਕਿ ਉਸ ਨੇ ਆਪਣੇ ਪਿਤਾ ਦੀ ਬੰਦੂਕ ਤੋਂ ਗੋਲੀ ਚਲਾਈ ਸੀ।
ਹਾਲਾਂਕਿ, ਪੁਲਿਸ ਨੇ ਵਲਾਦਿਸਲਾਵ ਰਿਬਨੀਕਰ ਸਕੂਲ ਦੇ ਆਲੇ ਦੁਆਲੇ ਨਾਕਾਬੰਦੀ ਕਰ ਦਿੱਤੀ ਹੈ। ਸਰਬੀਆ ‘ਚ ਜਾਨਲੇਵਾ ਗੋਲੀਬਾਰੀ ਦੀ ਇਹ ਘਟਨਾ ਹੈਰਾਨ ਕਰਨ ਵਾਲੀ ਹੈ ਕਿਉਂਕਿ ਇਸ ਸਦੀ ‘ਚ ਕਦੇ ਵੀ ਇੰਨੇ ਵੱਡੇ ਪੱਧਰ ‘ਤੇ ਹਿੰਸਾ ਨਹੀਂ ਹੋਈ।
ਰਾਜਧਾਨੀ ਹੋਣ ਤੋਂ ਇਲਾਵਾ, ਬੇਲਗ੍ਰੇਡ ਸਰਬੀਆ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਸਾਵਾ ਅਤੇ ਡੈਨਿਊਬ ਨਦੀਆਂ ਦੇ ਸੰਗਮ ‘ਤੇ ਅਤੇ ਪੈਨੋਨੀਅਨ ਮੈਦਾਨ ਅਤੇ ਬਾਲਕਨ ਪ੍ਰਾਇਦੀਪ ਦੇ ਵਿਚਕਾਰ ਸਥਿਤ ਹੈ। ਇੱਥੇ ਸ਼ਹਿਰੀ ਖੇਤਰ ਦੀ ਆਬਾਦੀ 12 ਲੱਖ ਹੈ, ਜਦੋਂ ਕਿ ਕੁੱਲ ਆਬਾਦੀ 17 ਲੱਖ ਦੇ ਕਰੀਬ ਹੈ। ਇਹ ਸਭ ਤੋਂ ਸ਼ਾਂਤ ਅਤੇ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਹੈ।