51.94 F
New York, US
November 8, 2024
PreetNama
ਸਮਾਜ/Social

ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਹਾਨ ਗ੍ਰੰਥ ਦਾ ਅੱਜ ਦੇ ਦਿਨ ਹੋਇਆ ਪ੍ਰਕਾਸ਼, ਹਰਮਿੰਦਰ ਸਾਹਿਬ ‘ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ: ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਮੁੱਚੀ ਮਾਨਵਤਾ ਵੱਲੋਂ ਮਨਾਇਆ ਜਾਂਦਾ ਹੈ। ਧੁਰ ਕੀ ਬਾਣੀ ਦੇ ਅਨਮੋਲ ਖ਼ਜ਼ਾਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ 5ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕਰਵਾਈ ਤੇ 1603 ਈ: ਨੂੰ ਰਾਮਸਰ ਸਾਹਿਬ ਵਿਖੇ ਸੰਪਾਦਨ ਦਾ ਕਾਰਜ ਅਰੰਭ ਕਰਵਾਇਆ। ਲਿਖਣ ਦੀ ਸੇਵਾ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ।

ਸੰਨ 1604 ਨੂੰ ਇਹ ਕਾਰਜ ਸੰਪੂਰਨ ਹੋਇਆ ਤੇ ਇਸੇ ਸਾਲ ਹੀ ਭਾਦੋਂ ਸੁਦੀ ਏਕਮ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਸੇਵਾ ਸੰਭਾਲ ਕਰਨ ਲਈ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ। ਗੁਰੂ ਸਾਹਿਬ ਵੱਲੋਂ ਜਦੋਂ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਤਾਂ ਇਸ ਮੌਕੇ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸੰਗਤਾ ਹੁੰਮ-ਹੁੰਮਾ ਕੇ ਸ਼ਾਮਲ ਹੋਈਆਂ ਤੇ ਇਹ ਦ੍ਰਿਸ਼ ਅਲੌਕਿਕ ਸੀ। ਨਗਰ ਕੀਰਤਨ ਦੀ ਇਹ ਪਰੰਪਰਾ ਅੱਜ ਵੀ ਬਰਕਰਾਰ ਹੈ।

ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਰਾਮਸਰ ਸਾਹਿਬ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ ਤੇ ਹੁਕਮਨਾਮਾ ਸਰਵਣ ਕਰਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਰਵਾਨਾ ਹੁੰਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਸੰਗਤਾ ‘ਚ ਅਥਾਹ ਸ਼ਰਧਾ ਵੇਖਿਆਂ ਹੀ ਬਣਦੀ ਸੀ ਤੇ ਹਰ ਪਾਸੇ ਸੰਗਤ ਦਾ ਸੈਲਾਬ ਹੀ ਨਜ਼ਰੀਂ ਪੈ ਰਿਹਾ ਸੀ। ਅੰਮ੍ਰਿਤਸਰ ਦੇ ਪੁਰਾਤਨ ਬਜ਼ਾਰਾਂ ਚੋਂ ਹੁੰਦਾ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਇਆ।

ਇਸ ਮੌਕੇ ਰਾਮਸਰ ਸਾਹਿਬ ਵਿਖੇ ਬਹੁਤ ਸੋਹਣੀ ਤੇ ਸੁੰਦਰ ਸਜਾਵਟ ਕੀਤੀ ਹੋਈ ਸੀ। ਬੇਸ਼ਕ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਨੂੰ ਇਹ ਅਪੀਲ ਵੀ ਕੀਤੀ ਗਈ ਸੀ ਕਿ ਸੰਗਤ ਘਰ ਬੈਠ ਕੇ ਹੀ ਟੀਵੀ ‘ਤੇ ਦਰਸ਼ਨ ਕਰੇ ਤੇ ਇਕੱਠ ਤੋਂ ਸੰਕੋਚ ਕੀਤਾ ਜਾਵੇ ਪਰ ਸੰਗਤ ਦੀ ਸ਼ਰਧਾ ਅੱਗੇ ਸਾਰੇ ਪ੍ਰਬੰਧ ਫਿੱਕੇ ਨਜ਼ਰੀਂ ਪੈ ਰਹੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗਿਆਨ ਦਾ ਵੱਡਮੁੱਲਾ ਸੋਮਾ ਹੈ ਜੋ ਅਗਿਆਨ ਰੂਪੀ ਹਨੇਰੇ ਤੋਂ ਛੁਟਕਾਰਾ ਪਾਉਣ ਦਾ ਮਾਰਗ ਦਰਸਾਉਂਦੀ ਹੈ। ਇਹ ਬਾਣੀ ਨਿਆਸਰਿਆ ਦਾ ਆਸਰਾ ਤੇ ਨਿਓਟਿਆਂ ਦੀ ਓਟ ਹੈ।

ਅੱਜ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਇਤਿਹਾਸਕ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਪਾਵਨ ਜਲੌਅ ਸਜਾਏ ਗਏ। ਸੁੰਦਰ ਜਲੋਅ ਦੇ ਨਾਲ ਰੂਹਾਨੀ ਰੰਗਤ ਬਣੀ ਹੋਈ ਸੀ ਤੇ ਹਰਿ ਇੱਕ ਪ੍ਰਾਣੀ ਇਕ ਮਨ ਇਕ ਚਿੱਤ ਹੋ ਕੇ ਗੁਰੂ ਮਾਹਾਰਾਜ ਜੀ ਦੇ ਸਨਮੁੱਖ ਹਾਜ਼ਰੀ ਲਵਾ ਰਿਹਾ ਸੀ। ਰਾਗੀ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਗਾਇਨ ਕੀਤਾ ਜਾ ਰਿਹਾ ਸੀ ਤੇ ਹਰ ਪਾਸੇ ਅਨੰਦਮਈ ਮਾਹੌਲ ਸਿਰਜਿਆਂ ਹੋਇਆ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਸੀ।
ਬੀਤੇ ਕੁਝ ਸਾਲਾਂ ਤੋਂ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ। ਇਸ ਵਾਰ ਕਲਕੱਤਾ, ਬੰਗਲੌਰ, ਪੂਨਾ ਤੇ ਕੇਰਲਾ ਆਦਿ ਥਾਵਾਂ ਤੋਂ ਮੰਗਵਾਏ ਗਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਕਰੀਬ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਫੁੱਲਾਂ ਵਿਚ ਗੁਲਾਬ, ਕਾਰਮਿਸਨ, ਲਿੱਲੀ, ਮੈਰੀਗੋਲਡ, ਰਜਨੀਗੰਧਾ, ਜੈਸਮੀਨ, ਗੁਲਦਾਵਰੀ, ਜਰਵੀਰਾ ਆਦਿ ਵਿਸ਼ੇਸ਼ ਹਨ।

Related posts

ਨਵਾਜ਼ ਸ਼ਰੀਫ ਦੀ ਮਾਂ ਦੇ ਦੇਹਾਂਤ ‘ਤੇ PM ਮੋਦੀ ਨੇ ਲਿਖੀ ਚਿੱਠੀ,ਪੀਐੱਮਐੱਲ-ਐੱਨ ਨੇ ਕੀਤੀ ਜਨਤਕ

On Punjab

ਮਿਸੂਰੀ: ਹਵਾਈ ਜਹਾਜ਼ ਦਾ ਇੰਜਣ ਹੋਇਆ ਫੇਲ੍ਹ ਤਾਂ ਪਾਇਲਟ ਨੇ ਸੜਕ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

On Punjab

ਹਾਂਗ ਕਾਂਗ ਵਿਚ ਚੀਨ ਦੇ ਨੈਸ਼ਨਲ ਡੇਅ ਦੀ ਪਰੇਡ ਵਿਚ ਲਹਿਰਾਇਆ ਗਿਆ ਤਿਰੰਗਾ, ਜਾਣੋ ਕਾਰਨ

On Punjab