ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਵਿਚ ਧਰਮ ਤਬਦੀਲੀ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੰਭੀਰ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਐੱਸਜੀਪੀਸੀ ਨੇ ਸੂਬੇ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ‘ਘਰ ਘਰ ਧਰਮਸਾਲ’ ਮੁਹਿੰਮ ਆਰੰਭ ਕੀਤੀ ਹੈ। ਇਸ ਦੇ ਤਹਿਤ ਘਰ-ਘਰ ਪੁੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ ਤੇ ਸਾਹਿਤ ਵੰਡਿਆ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਈਸਾਈ ਮਿਸ਼ਨਰੀਜ਼ ਵੱਲੋਂ ਕਥਿਤ ਤੌਰ ’ਤੇ ਲਾਲਚ ਦੇ ਕੇ ਧਰਮ ਤਬਦੀਲੀ ਕਰਵਾਉਣੀ ਚਿੰਤਾ ਵਾਲੀ ਗੱਲ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਕੋਲ ਇਸ ਬਾਰੇ ਹਾਲੇ ਤਕ ਅੰਕੜੇ ਨਹੀਂ ਹਨ ਕਿ ਕਿਹੜੇ ਇਲਾਕਿਆਂ ਵਿਚ ਕਿੰਨੇ ਲੋਕਾਂ ਦੀ ਧਰਮ ਤਬਦੀਲੀ ਹੋਈ ਹੈ। ਜਦਕਿ ਆਰਥਕ ਪੱਖੋਂ ਕਮਜ਼ੋਰ ਹੋਣ ਕਾਰਨ ਮਜ੍ਹਬੀ ਸਿੱਖ ਵੀ ਈਸਾਈ ਮਿਸ਼ਨਰੀਜ਼ ਦੇ ਨਿਸ਼ਾਨੇ ’ਤੇ ਹਨ।
ਇਨ੍ਹਾਂ ਯਤਨਾਂ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਤੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਖ਼ਾਤਰ 150 ਤੋਂ ਵੱਧ ਕਮੇਟੀਆਂ ਦਾ ਗਠਨ ਕੀਤਾ ਹੈ। ਹਰ ਪ੍ਰਚਾਰ ਕਮੇਟੀ ਵਿਚ 5 ਤੋਂ 8 ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ ਗ੍ਰੰਥੀ, ਪ੍ਰਚਾਰਕ, ਰਾਗੀ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਸ਼ਾਮਲ ਕੀਤੇ ਹਨ। ਮਾਝਾ, ਮਾਲਵਾ ਤੇ ਦੋਆਬਾ ਜ਼ੋਨ ਵਿਚ ਕਮੇਟੀਆਂ ਵਿਚ ਕੇਂਦਰ ਬਣਾਏ ਗਏ ਹਨ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਈਸਾਈ ਮਿਸ਼ਨਰੀਜ਼ ਦਾ ਫੋਕਸ ਅਨੂਸੂਚਿਤ ਜਾਤੀਆਂ ਤੇ ਪੱਛੜੀਆਂ ਜਾਤਾਂ ’ਤੇ ਹੈ। ਇਸ ਲਈ ਪ੍ਰਚਾਰ ਕਮੇਟੀਆਂ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਕਰਨਗੀਆਂ। ਸਿੱਖ ਇਤਿਹਾਸ ਨਾਲ ਸਬੰਧਤ ਸਾਹਿਤ ਘਰ-ਘਰ ਪਹੁੰਚਾਇਆ ਜਾਵੇਗਾ। ਕਮੇਟੀ ਦੇ ਮੈਂਬਰ ਗੁਰਦੁਆਰਾ ਸਾਹਿਬਾਨ ਤੇ ਸਿੱਖਿਆ ਸੰਸਥਾਵਾਂ ਵਿਚ ਜਾਣਗੇ। ਇਹ ਕਮੇਟੀਆਂ ਹਫ਼ਤੇ ਵਿਚ ਇਕ ਇਲਾਕੇ ਵਿਚ ਪ੍ਰਚਾਰ ਕਰਨ ਪਿੱਛੋਂ ਅੰਤਮ ਦਿਨ ਅੰਮ੍ਰਿਤ ਸੰਚਾਰ ਕਰਵਾਉਣਗੀਆਂ।
ਦਿੱਤੇ ਜਾ ਰਹੇ ਨੇ ਇਸ ਤਰ੍ਹਾਂ ਦੇ ਲਾਲਚ
– ਘਰ ’ਚ ਕੋਈ ਵਿਅਕਤੀ ਬਿਮਾਰ ਹੈ ਤਾਂ ਮੁਫ਼ਤ ਇਲਾਜ ਦਾ ਲੋਭ ਦਿੱਤਾ ਜਾਂਦਾ ਹੈ।
– ਨੌਜਵਾਨਾਂ ਨੂੰ ਰੁਜ਼ਗਾਰ ਲਈ ਚਰਚ ਜ਼ਰੀਏ ਫੰਡ ਮੁਹੱਈਆ ਕਰਵਾਉਣ ਦੀ ਗੱਲ ਆਖਦੇ ਹਨ।
– ਚਰਚ ਵਿਚ ਅਕਸਰ ਆਉਣ ਵਾਲਿਆਂ ਨੂੰ ਵਿੱਤੀ ਮਦਦ ਦੇਣ ਦੀ ਗੱਲ ਕਰਦੇ ਹਨ।
– ਗ਼ਰੀਬਾਂ ਦੇ ਬੱਚਿਆਂ ਨੂੰ ਮਿਸ਼ਨਰੀਜ਼ ਦੇ ਸਕੂਲਾਂ ’ਚ ਦਾਖ਼ਲਾ ਤੇ ਫ਼ੀਸ ’ਚ ਰਾਹਤ ਦਾ ਲੋਭ ਦਿੱਤਾ ਜਾਂਦਾ ਹੈ।
ਮਿਲ ਰਹੀਆਂ ਹਨ ਸ਼ਿਕਾਇਤਾਂ : ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਪਿਛਲੇ ਕਾਫ਼ੀ ਸਮੇਂ ਤੋਂ ਫੋਨ ਰਾਹੀਂ ਸ਼ਿਕਾਇਤਾਂ ਪੁੱਜ ਰਹੀਆਂ ਹਨ। ਸਰਹੱਦੀ ਇਲਾਕਿਆਂ ਵਿਚ ਕੁਝ ਚਰਚਾਂ ਵਿਚ ਮਿਸ਼ਨਰੀਜ਼ ਕਥਿਤ ਤੌਰ ’ਤੇ ਗੁਮਰਾਹ ਕਰ ਕੇ ਅਤੇ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਈਸਾਈ ਬਣਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਇਹ ਚੁਣੌਤੀ ਹੋਰ ਵੱਡੀ ਹੋਵੇਗੀ। ਸ਼੍ਰੋਮਣੀ ਕਮੇਟੀ ਨੂੰ ਇਸ ਨੂੰ ਰੋਕਣ ਦੇ ਹੁਕਮ ਕੀਤੇ ਹਨ।
ਧਰਮ ਛੱਡਣ ਵਾਲਿਆਂ ਨੂੰ ਵਾਪਸ ਲਿਆਵਾਂਗੇ : ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵਕੀਲ ਭਗਵੰਤ ਸਿੰਘ ਸਿਆਲਕਾ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ’ਤੇ ਕਮੇਟੀਆਂ ਬਣਾ ਕੇ ਸਿੱਖ ਪੰਥ ਦਾ ਪ੍ਰਚਾਰ ਕਰਨ। ਸਿਆਲਕਾ ਨੇ ਕਿਹਾ ਕਿ ਦੂਜੇ ਧਰਮਾਂ ਵਿਚ ਗਏ ਵਿਅਕਤੀਆਂ ਨੂੰ ਵਾਪਸ ਲਿਆ ਕੇ ਅੰਮ੍ਰਿਤਪਾਨ ਕਰਵਾ ਕੇ ਗੁਰੂ ਘਰ ਨਾਲ ਜੋੜਾਂਗੇ।
ਰਾਸ਼ਟਰੀ ਸਿੱਖ ਸੰਗਤ ਬਣਾਏਗੀ ਕਮੇਟੀਆਂ
ਰਾਸ਼ਟਰੀ ਸਿੱਖ ਸੰਗਤ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਸਰੱਹਦੀ ਇਲਾਕਿਆਂ ਵਿਚ ਈਸਾਈ ਮਿਸ਼ਨਰੀਜ਼ ਲੋਕਾਂ ਨੂੰ ਲੋਭ ਦੇ ਕੇ ਧਰਮ ਤਬਦੀਲੀ ਕਰਵਾ ਰਹੇ ਹਨ। ਇਸ ਨੂੰ ਰੋਕਣ ਲਈ ਪਹਿਲਾਂ ਵੀ ਧਰਮ ਜਾਗਰਣ ਮੰਚ ਅਤੇ ਰਾਸ਼ਟਰੀ ਸਿੱਖ ਸੰਗਤ ਨੇ ਮੁਹਿੰਮ ਚਲਾਈ ਸੀ। ਹੁਣ ਫਿਰ ਕਮੇਟੀਆਂ ਬਣਾ ਕੇ ਮਿਸ਼ਨਰੀਜ਼ ਨੂੰ ਰੋਕਿਆ ਜਾਵੇਗਾ।
ਹਿੰਦੂ ਮਹਾਸਭਾ ਛੇੜੇਗੀ ਮੁਹਿੰਮ
ਅਖਿਲ ਭਾਰਤ ਹਿੰਦੂ ਮਹਾਸਭਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਹਿੰਦੂ ਮਹਾਸਭਾ ਈਸਾਈ ਮਿਸ਼ਨਰੀਜ਼ ਦੇ ਧਰਮ ਤਬਦੀਲੀ ਦੇ ਯਤਨਾਂ ਵਿਰੁੱਧ ਆਵਾਜ਼ ਬੁਲੰਦ ਕਰਦੀ ਰਹੀ ਹੈ। ਜਦੋਂ ਪਹਿਲਾਂ ਪੰਜਾਬ ਵਿਚ ਮਿਸ਼ਨਰੀਜ਼ ਦੀ ਮੁਹਿੰਮ ਤੇਜ਼ ਹੋਈ ਸੀ ਤਾਂ ਉਦੋਂ ਵੀ ਮਹਾਸਭਾ ਨੇ ਈਸਾਈ ਬਣੇ ਪਰਿਵਾਰਾਂ ਦੀ ਧਰਮ ਵਿਚ ਵਾਪਸੀ ਕਰਵਾਈ ਸੀ। ਹੁਣ ਵੀ ਕਮੇਟੀਆਂ ਗਠਤ ਕਰ ਦਿੱਤੀਆਂ ਗਈਆਂ ਹਨ।