ਨਵੀਂ ਦਿੱਲੀ: ਹਰਿਆਣਾ ‘ਚ ਬੀਜੇਪੀ ਨੂੰ ਸਰਕਾਰ ਬਣਾਉਣ ਲਈ ਛੇ ਵਿਧਾਇਕਾਂ ਦੀ ਲੋੜ ਹੈ। ਅਜਿਹੇ ‘ਚ ਸਿਰਸਾ ਤੋਂ ਵਿਧਾਇਕ ਚੁਣੇ ਗਏ ਗੋਪਾਲ ਕਾਂਡਾ ਨੇ ਬੀਜੇਪੀ ਨੂੰ ਸਮਰੱਥਨ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ‘ਚ ਸੱਤ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਬੀਜੇਪੀ ਨੂੰ ਸਮਰਥਨ ਦੇਣ ਦੇ ਮਾਮਲੇ ‘ਤੇ ਕਾਂਡਾ ਨੇ ਬੀਜੇਪੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਸੀ। ਹੁਣ ਇਸ ‘ਤੇ ਵਿਰੋਧੀ ਧਿਰ ਸਵਾਲ ਖੜ੍ਹੇ ਕਰ ਰਹੀ ਹੈ ਕਿ ਗੋਪਾਲ ਕਾਂਡਾ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਸਣੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਹਨ ਤਾਂ ਅਜਿਹੇ ‘ਚ ਬੀਜੇਪੀ ਉਸ ਤੋਂ ਸਮਰੱਥਨ ਕਿਵੇਂ ਲੈ ਸਕਦੀ ਹੈ?
ਜਦੋਂ ਇਸ ਸਬੰਧੀ ਸਵਾਲ ਗੋਪਾਲ ਕਾਂਡਾ ਨੂੰ ਕੀਤਾ ਗਿਆ ਤਾਂ ਉਹ ਗੁੱਸੇ ਨਾਲ ਭਰ ਗਏ। ਜਵਾਬ ਦੇਣ ਦੀ ਥਾਂ ਉਹ ਇੰਟਰਵਿਊ ਵਿਚਾਲੇ ਛੱਡ ਗਏ ਤੇ ਏਬੀਪੀ ਨਿਊਜ਼ ਦੇ ਕੈਮਰੇ ਨੂੰ ਵੀ ਢੱਕ ਦਿੱਤਾ। ਦੱਸ ਦਈਏ ਕਿ ਕਾਂਡਾ ਨੇ ਸਿਰਸਾ ਸੀਟ ਤੋਂ ਨਾਮਜ਼ਦਗੀ ਭਰਦੇ ਸਮੇਂ ਹਲਫਨਾਮੇ ‘ਚ ਲਿਖਿਆ ਸੀ ਜਿਸ ਮੁਤਾਬਕ ਉਸ ਖਿਲਾਫ ਚੈੱਕ ਬਾਉਂਸ, ਟੈਕਸ ਚੋਰੀ, ਚੀਟਿੰਗ ਤੇ ਸਾਜਿਸ਼ (420) ਦਾ ਕੇਸ ਦਰਜ ਹੈ।ਇਸ ਦੇ ਨਾਲ ਹੀ 2012 ‘ਚ ਕਾਂਡਾ ਦੀ ਬੰਦ ਹੋ ਚੁੱਕੀ ਏਅਰਲਾਈਨ ਦੀ ਏਅਰਹੋਸਟੈਸ ਗੀਤਿਕਾ ਸ਼ਰਮਾ ਨੂੰ ਮਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਵੀ ਹਨ। ਪੁਲਿਸ ਨੇ ਇਸ ਮਾਮਲੇ ‘ਚ ਗੋਪਾਲ ਖਿਲਾਫ 6 ਅਕਤੂਬਰ 2012 ‘ਚ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ਖਿਲਾਫ ਆਤਮਹੱਤਿਆ ਲਈ ਉਕਸਾਉਣ, ਅਪਰਾਧਿਕ ਸਾਜਿਸ਼ ਤੇ ਸਬੂਤਾਂ ਨਾਲ ਛੇੜਛਾੜ ਸਬੰਧੀ ਐਫਆਈਆਰ ਹੈ।