ਨਵੀਂ ਦਿੱਲੀ:ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਸਾਲ 2018 ਵਿੱਚ ਰਿਲੀਜ਼ ਹੋਈ ਫਿਲਮ ‘ਪਦਮਾਵਤ’ ਇੱਕ ਵਾਰ ਫਿਰ ਤੋਂ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਨਿਰਮਾਤਾਵਾਂ ਨੇ ਅੱਜ ਇਹ ਐਲਾਨ ਕੀਤਾ। ਇਸ ਫਿਲਮ ਵਿੱਚ ਦੀਪਿਕਾ ਪਾਦੂਕੋਨ, ਰਣਵੀਰ ਕਪੂਰ ਅਤੇ ਸ਼ਾਹਿਦ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਸੱਤ ਸਾਲ ਪੂਰੇ ਹੋਣ ’ਤੇ 24 ਜਨਵਰੀ ਨੂੰ ਮੁੜ ਵੱਡੇ ਪਰਦੇ ’ਤੇ ਦਿਖਾਈ ਜਾਵੇਗੀ। ਵਾਯਕੌਮ 18 ਸਟੂਡੀਓਜ਼ ਨੇ ਇਸ ਸਬੰਧੀ ਇੰਸਟਗ੍ਰਾਮ ’ਤੇ ਪਾਈ ਪੋਸਟ ਵਿੱਚ ਦੱਸਿਆ ਹੈ ਕਿ ਫਿਲਮ 24 ਜਨਵਰੀ ਤੋਂ ਸਿਨੇਮਾਘਰਾਂ ’ਚ ਦਿਖਾਈ ਜਾਵੇਗੀ। ‘ਪਦਮਾਵਤ’ 13ਵੀਂ ਸਦੀ ਦੀ ਕਹਾਣੀ ’ਤੇ ਆਧਾਰਤ ਹੈ। ਇਹ ਰਾਣੀ ਪਦਮਾਵਤ ਦੀ ਸੁੰਦਰਤਾ ਤੇ ਬੌਧਿਕਤਾ ਅਤੇ ਉਨ੍ਹਾਂ ਦੇ ਪਤੀ ਮੇਵਾੜ ਦੇ ਰਾਜਾ ਮਹਾਰਾਵਲ ਰਤਨ ਸਿੰਘ ਦੀ ਕਹਾਣੀ ਹੈ। ਇਹ ਕਹਾਣੀ ਉਦੋਂ ਇੱਕ ਨਵਾਂ ਮੋੜ ਲੈਂਦੀ ਹੈ ਜਦੋਂ ਸੁਲਤਾਨ ਅਲਾਉਦੀਨ ਖਿਲਜੀ ਚਿਤੌੜ ’ਤੇ ਹਮਲਾ ਕਰਦਾ ਹੈ।
ਇਹ ਫਿਲਮ ਸੂਫੀ ਕਵੀ ਮਲਿਕ ਮੁਹੰਮਦ ਜਾਇਸੀ ਦੀ ਰਚਨਾ ‘ਪਦਮਾਵਤ’ ਉੱਤੇ ਆਧਾਰਤ ਹੈ। ਫਿਲਮ ਦੇ ਰਿਲੀਜ਼ ਹੋਣ ਸਮੇਂ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਕਈ ਰਾਜਪੂਤ ਸੰਗਠਨਾਂ ਨੇ ਫਿਲਮ ਵਿੱਚ ਦਿਖਾਏ ਰਾਣੀ ਪਦਮਾਵਤ ਕਿਰਦਾਰ ’ਤੇ ਸਵਾਲ ਚੁੱਕੇ ਸਨ। ਇਹ ਫਿਲਮ ਉਨ੍ਹਾਂ ਪੁਰਾਣੀਆਂ ਫਿਲਮਾਂ ਵਿੱਚੋਂ ਇੱਕ ਹੈ, ਜਿਸ ਨੂੰ ਮੁੜ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।