ਨਵੀਂ ਦਿੱਲੀ:ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਉਮੀਦਵਾਰ 42 ਸੀਟਾਂ ’ਤੇੇ ਅੱਗੇ ਹਨ। ‘ਆਪ’ ਨੇ 27 ਸੀਟਾਂ ਤੇ ਕਾਂਗਰਸ ਨੇ ਇਕ ਸੀਟ ’ਤੇ ਲੀਡ ਬਣਾਈ ਹੋਈ ਹੈ। ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ, ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਸੀਟਾਂ ਤੋਂ ਲਗਾਤਾਰ ਪਿੱਛੇ ਚੱਲ ਰਹੇ ਹਨ। ਭਾਜਪਾ ਉਮੀਦਵਾਰਾਂ ਵਿਚੋਂ ਪਰਵੇਸ਼ ਵਰਮਾ (ਨਵੀਂ ਦਿੱਲੀ ਹਲਕੇ), ਅਰਵਿੰਦਰ ਲਵਲੀ (ਗਾਂਧੀ ਨਗਰ), ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ), ਤਰਵਿੰਦਰ ਸਿੰਘ ਮਰਵਾਹਾ (ਜੰਗਪੁਰਾ) ਤੋਂ ਅੱਗੇ ਹਨ।
ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਦੀਆਂ 19 ਥਾਵਾਂ ‘ਤੇ ਸਖਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਐਲਿਸ ਵਾਜ਼ ਨੇ ਕਿਹਾ ਕਿ 5,000 ਕਰਮਚਾਰੀ ਜਿਨ੍ਹਾਂ ਵਿੱਚ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ, ਮਾਈਕ੍ਰੋ-ਆਬਜ਼ਰਵਰ ਅਤੇ ਪ੍ਰਕਿਰਿਆ ਲਈ ਸਿਖਲਾਈ ਪ੍ਰਾਪਤ ਸਹਾਇਕ ਸਟਾਫ ਸ਼ਾਮਲ ਹਨ, ਨੂੰ ਅਭਿਆਸ ਲਈ ਤਾਇਨਾਤ ਕੀਤਾ ਗਿਆ।