ਮੁੰਬਈ- ਵਿਦੇਸ਼ੀ ਫੰਡਾਂ ਦੇ ਪ੍ਰਵਾਹ ਵਿੱਚ ਲਗਾਤਾਰ ਵਾਧੇ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਤੇਜ਼ੀ ਦਰਮਿਆਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਨਿਘਾਰ ਤੋਂ ਬਾਅਦ, ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਾਪਸ ਚੜ੍ਹ ਗਏ।
30-ਸ਼ੇਅਰਾਂ ਵਾਲਾ BSE ਬੈਂਚਮਾਰਕ ਸ਼ੁਰੂਆਤੀ ਕਾਰੋਬਾਰ ਵਿੱਚ 232.51 ਅੰਕ ਡਿੱਗ ਕੇ 80,055.87 ’ਤੇ ਅਤੇ NSE ਨਿਫਟੀ 67.15 ਅੰਕ ਡਿੱਗ ਕੇ 24,268.80 ’ਤੇ ਆ ਗਿਆ। ਹਾਲਾਂਕਿ ਮਗਰੋਂ ਦੋਵੇਂ ਬੈਂਚਮਾਰਕ ਸੂਚਕ ਅੰਕਾਂ ਨੇ ਸ਼ੁਰੂਆਤੀ ਗੁਆਚੇ ਹੋਏ ਆਧਾਰ ਨੂੰ ਮੁੜ ਪ੍ਰਾਪਤ ਕਰ ਲਿਆ। ਸੈਂਸੈਕਸ 76.72 ਅੰਕ ਵਧ ਕੇ 80,365.10 ’ਤੇ ਆ ਗਿਆ, ਅਤੇ ਨਿਫਟੀ 23.30 ਅੰਕ ਵਧ ਕੇ 24,359.25 ‘ਤੇ ਆ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਬਜਾਜ ਫਿਨਸਰਵ 6 ਫੀਸਦ ਡਿੱਗ ਗਿਆ ਜਦੋਂ ਕਿ ਬਜਾਜ ਫਾਇਨਾਂਸ 4 ਫੀਸਦ ਤੋਂ ਵੱਧ ਡਿੱਗਾ। ਬਜਾਜ ਫਿਨਸਰਵ ਲਿਮਟਿਡ (BFL) ਨੇ ਮੰਗਲਵਾਰ ਨੂੰ ਮਾਰਚ 2025 ਨੂੰ ਖਤਮ ਹੋਈ ਚੌਥੀ ਤਿਮਾਹੀ ਵਿੱਚ ਏਕੀਕ੍ਰਿਤ ਸ਼ੁੱਧ ਲਾਭ ਵਿੱਚ 14 ਫੀਸਦ ਦਾ ਵਾਧਾ ਦਰਜ ਕੀਤਾ ਹੈ ਜੋ ਕਿ 2,417 ਕਰੋੜ ਰੁਪਏ ਹੋ ਗਿਆ ਹੈ।
ਜਿਨ੍ਹਾਂ ਹੋਰਨਾਂ ਫਰਮਾਂ ਦੇ ਸ਼ੇਅਰ ਡਿੱਗੇ ਉਨ੍ਹਾਂ ਵਿਚ ਟਾਟਾ ਮੋਟਰਜ਼, ਇੰਡਸਇੰਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਅਲਟਰਾਟੈਕ ਸੀਮੈਂਟ ਸ਼ਾਮਲ ਹਨ। ਪਾਵਰ ਗਰਿੱਡ, ਹਿੰਦੁਸਤਾਨ ਯੂਨੀਲੀਵਰ, ਐੱਚਡੀਐਫਸੀ ਬੈਂਕ, ਐੱਨਟੀਪੀਸੀ, ਮਹਿੰਦਰਾ ਐਂਡ ਮਹਿੰਦਰਾ ਅਤੇ ਮਾਰੂਤੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ ਅਤੇ ਸ਼ੰਘਾਈ ਐੰਸਐੱਸਈ ਕੰਪੋਜ਼ਿਟ ਘੱਟ ਕਾਰੋਬਾਰ ਕਰ ਰਹੇ ਸਨ ਜਦੋਂ ਕਿ ਟੋਕੀਓ ਦਾ ਨਿੱਕੇਈ 225 ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਉੱਚ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਖ਼ ਨਾਲ ਬੰਦ ਹੋਇਆ। ਇਸ ਦੌਰਾਨ ਸ਼ੁਰੂਆਤੀ ਕਾਰੋਬਾਰ ਵਿਚ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 19 ਪੈਸੇ ਡਿੱਗ ਕੇ 85.15 ਨੂੰ ਪਹੁੰਚ ਗਿਆ।