32.29 F
New York, US
December 27, 2024
PreetNama
Patialaਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੈਣੀ ਨੂੰ ਮਿਲਿਆ ਭਾਜਪਾ ਦਾ ਵਫ਼ਦ

ਪਟਿਆਲਾ-ਕਿਸਾਨਾਂ ਦੇ ਧਰਨੇ ਕਾਰਨ ਦਸ ਮਹੀਨਿਆਂ ਤੋਂ ਬੰਦ ਪਏ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਸਥਿਤ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਖੁੱਲ੍ਹਵਾਉਣ ਦੀ ਮੰਗ ਸਬੰਧੀ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਭਾਜਪਾ ਆਗੂਆਂ, ਸਰਪੰਚਾਂ, ਪੰਚਾਂ ਅਤੇ ਵਪਾਰੀਆਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਇੱਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਦੱਸਿਆ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਦੋਵਾਂ ਰਾਜਾਂ ਦੇ ਅਨੇਕਾਂ ਵਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਇਲਾਕਿਆਂ ਦੇ ਅਨੇਕਾਂ ਲੋਕ ਇੱਕ-ਦੂਜੇ ਰਾਜ ਦੇ ਸ਼ਹਿਰਾਂ ਵਿੱਚੋਂ ਖਰੀਦੋ-ਫਰੋਖਤ ਕਰਦੇ ਹਨ ਪਰ ਹੁਣ ਉਨ੍ਹਾਂ ਨੂੰ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ। ਦੋਵਾਂ ਰਾਜਾਂ ਦੇ ਵਪਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।

ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਦੀ ਅਗਵਾਈ ਹੇਠਲੇ ਇਸ ਵਫ਼ਦ ’ਚ ਸਰਪੰਚ ਬਲਜਿੰਦਰ ਬੱਖੂ, ਬਿਕਰਮ ਸੈਣੀ, ਹਰਮਨ ਭੰਗੂ ਅਤੇ ਹੈਪੀ ਮਾੜੂ ਸ਼ਾਮਲ ਸਨ।

ਮੁਲਾਕਾਤ ਮਗਰੋਂ ਹਰਪਾਲਪੁਰ ਨੇ ਦੱਸਿਆ ਕਿ ਬਾਰਡਰ ਬੰਦ ਹੋਣ ਦੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਅਜਿਹੇ ਹਾਲਾਤਾਂ ਦੌਰਾਨ ਦੋਵਾਂ ਰਾਜਾਂ ਦੇ ਲੋਕ ਦਸ ਮਹੀਨਿਆਂ ਤੋਂ ਮੁਸ਼ਕਲਾਂ ਸਹਿਣ ਲਈ ਮਜਬੂਰ ਹਨ। ਭਾਰੀ ਵਾਹਨ ਪਿੰਡਾਂ ਵਿੱਚੋਂ ਲੰਘਣ ਕਰਕੇ ਸੜਕਾਂ ਦੀ ਹਾਲਤ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਕਿਰਪਾਨ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਆ। ਜ਼ਿਕਰਯੋਗ ਹੈ ਕਿ ਹਰਵਿੰਦਰ ਹਰਪਾਲਪੁਰ ਉਹੀ ਭਾਜਪਾ ਆਗੂ ਹੈ ਜਿਸ ਖ਼ਿਲਾਫ਼ ਲੋਕ ਸਭਾ ਚੋਣਾ ਦੌਰਾਨ ਪ੍ਰਦਰਸ਼ਨ ਕਰਦੇ ਸਮੇਂ ਕਿਸਾਨ ਆਗੂ ਸੁਰਿੰਦਰਪਾਲ ਆਕੜੀ ਦੀ ਹੋਈ ਮੌਤ ਸਬੰਧੀ ਕੇਸ ਦਰਜ ਹੋਇਆ ਸੀ। ਹਰਪਾਲਪੁਰ ਨੇ ਕਿਹਾ ਕਿ ਉਹ ਵੀ ਕਿਸਾਨ ਪਰਿਵਾਰ ਵਿੱਚੋਂ ਹੈ, ਜਿਸ ਕਰਕੇ ਕਿਸਾਨਾਂ ਦਾ ਮਾੜਾ ਨਹੀਂ ਸੋਚ ਸਕਦੇ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਪਰਨੀਤ ਕੌਰ ਦੇ ਯਤਨਾਂ ਸਦਕਾ ਸੰਭਵ ਹੋਈ ਹੈ।

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ

ਜ਼ਿਕਰਯੋਗ ਹੈ ਕਿ ਰਹਿੰਦਿਆਂ ਕਿਸਾਨ ਮੰਗਾਂ ਦੀ ਪੂਰਤੀ ਲਈ ਜਦੋਂ ਹਜ਼ਾਰਾਂ ਕਿਸਾਨ ਮੈਂਬਰ 13 ਫਰਵਰੀ ਨੂੰ ਦਿੱਲੀ ਵੱਲ ਨੂੰ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਵੱੱਲੋਂ ਸ਼ੰਭੂ ਬਾਰਡਰ ’ਤੇ ਰੋਕਾਂ ਲਗਾ ਦਿੱਤੀਆਂ ਸਨ। ਝੜੱਪਾਂ ਵੀ ਹੋਈਆਂ ਤੇ ਕਿਸਾਨਾ ਦੇ ਵਾਹਨਾ ਦਾ ਭਾਰੀ ਨੁਕਸਾਨ ਹੋਇਆ ਤੇ ਢਾਬੀ ਗੁੱਜਰਾਂ ਬਾਰਡਰ ’ਤੇ ਤਾਂ ਇੱਕ ਕਿਸਾਨ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ। ਅਖੀਰ ਕਿਸਾਨਾਂ ਨੇ ਐਲਾਨ ਕੀਤਾ ਕਿ ਹੁਣ ਉਹ ਉਦੋਂ ਹੀ ਦਿੱਲੀ ਵੱਲ ਨੂੰ ਕੂਚ ਕਰਨਗੇ ਜਦੋਂ ਸਰਕਾਰ ਖੁਦ ਰੋਕਾਂ ਹਟਾਵੇਗੀ। ਇਸ ਤਰ੍ਹਾਂ ਦਸ ਮਹੀਨਿਆਂ ਤੋਂ ਬਾਰਡਰਾਂ ’ਤੇ ਮੋਰਚੇ ਜਾਰੀ ਹਨ। ਇਸ ਕਿਸਾਨ ਮੋਰਚੇ ਦੀ ਅਗਵਾਈ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸੁਰਜੀਤ ਫੂਲ, ਜਸਵਿੰਦਰ ਲੋਂਗੋਵਾਲ, ਮਨਜੀਤ ਨਿਆਲ, ਮਨਜੀਤ ਘੁਮਾਣਾ, ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਮਨਜੀਤ ਰਾਏ ਤੇ ਅਮਰਜੀਤ ਮੌੜ੍ਹੀ ਕਰ ਰਹੇ ਹਨ।

 

Related posts

ਨਨਕਾਣਾ ਸਾਹਿਬ ਪੁੱਜੇ ਸਿੱਖ ਜਥੇ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ, ਭਲਕੇ ਚੱਲੇਗਾ ਅੰਤਰਰਾਸ਼ਟਰੀ ਨਗਰ ਕੀਰਤਨ

On Punjab

ਕੋਰੋਨਾ: ਇਟਲੀ ‘ਚ 4 ਮਈ ਤੋਂ ਖੁਲਣਗੀਆਂ ਫੈਕਟਰੀਆਂ, ਰੈਸਟੋਰੈਂਟ ‘ਤੇ ਬਾਰ ਜੂਨ ਤੱਕ ਬੰਦ

On Punjab

Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

On Punjab