ਸਾਊਦੀ ਅਰਬ ਦੇ ਕਿੰਗ ਸਲਮਾਨ ਦੀ ਇਕਲੌਤੀ ਬੇਟੀ ਵਿਰੁਧ ਮੰਗਲਵਾਰ ਨੂੰ ਪੈਰਿਸ ਵਿੱਚ ਮੁਕੱਦਮਾ ਸ਼ੁਰੂ ਕੀਤਾ ਗਿਆ। ਇਹ ਮੁਕੱਦਮਾ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਪੈਰਿਸ ਵਿੱਚ ਸਾਊਦੀ ਸ਼ਾਹੀ ਖ਼ਾਨਦਾਨ ਦੇ ਅਪਾਰਟਮੈਂਟ ਵਿੱਚ ਤਸਵੀਰਾਂ ਅਤੇ ਵੀਡੀਓ ਲੈਣ ਦੇ ਸ਼ੱਕ ਵਿੱਚ ਇੱਕ ਨਲਸਾਜ (ਪਲੰਬਰ) ਦੀ ਕੁੱਟਮਾਰ ਦੇ ਕਥਿਤ ਹੁਕਮ ਆਪਣੇ ਅੰਗ ਰਖਿਅਕਾਂ ਨੂੰ ਦਿੱਤੇ ਸਨ। ਸਰਕਾਰੀ ਵਕੀਲ ਦੇ ਦੋਸ਼ ਲਾਇਆ ਕਿ ਸ਼ਹਿਜਾਦੀ ਬਿੰਤ ਸਲਮਾਨ ਉਸ ਸਮੇਂ ਬਹੁਤ ਨਰਾਜ ਹੋ ਗਈ ਜਦੋਂ ਉਸ ਨੇ ਪਲੰਬਰ ਨੂੰ ਉਸ ਦੀ ਤਸਵੀਰ ਲੈਂਦੇ ਹੋਏ ਵੇਖਿਆ।
ਸ਼ਹਿਜਾਦੀ ਨੂੰ ਡਰ ਸੀ ਕਿ ਕਿਤੇ ਉਸ ਦੀ ਤਸਵੀਰ ਦੀ ਵਰਤੋਂ ਸਾਊਂਦੀ ਕਿੰਗ ਦੀ ਬੇਟੀ ਹੋਣ ਕਾਰਨ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਕੀਤਾ ਜਾਵੇ। ਸਾਊਦੀ ਅਰਬ ਦੀ ਰੂੜੀਵਾਦੀ ਪਰੰਪਰਾਵਾਂ ਕਾਰਨ ਸ਼ਹਿਜਾਦੀ ਨੂੰ ਇਸ ਤਰ੍ਹਾਂ ਦਾ ਖ਼ਦਸ਼ਾ ਹੋਇਆ ਸੀ।
ਸਤੰਬਰ 2016 ਵਿੱਚ ਹੋਈ ਇਸ ਘਟਨਾ ਦੇ ਕੁਝ ਦਿਨ ਬਾਅਦ ਸ਼ਹਿਜ਼ਾਦੀ ਫ਼ਰਾਂਸ ਛੱਡ ਕੇ ਚੱਲੀ ਗਈ ਅਤੇ ਇੱਕ ਦਿਨ ਦੇ ਇਸ ਮੁਕੱਦਮੇ ਵਿੱਚ ਉਹ ਮੌਜੂਦ ਸੀ। ਉਸ ਦੀ ਗ੍ਰਿਫ਼ਤਾਰੀ ਦਾ ਵਾਰੰਟ ਦਸੰਬਰ 2017 ਵਿੱਚ ਜਾਰੀ ਕੀਤਾ ਗਿਆ ਸੀ।
ਸ਼ਹਿਜ਼ਾਦੀ ਦੇ ਵਕੀਲ ਨੇ ਦੱਸਿਆ ਕਿ ਉਹ ਇਸ ਲਈ ਮੌਜੂਦ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਚਿੱਠੀ ਪੈਰਿਸ ਦੇ ਪਤੇ ਉਤੇ ਭੇਜਿਆ ਗਿਆ ਸੀ, ਨਾ ਕਿ ਸਾਊਦੀ ਅਰਬ ਦੇ ਸ਼ਾਹੀ ਮਹਿਲ ਦੇ ਪਤੇ ਉੱਤੇ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਵੱਡੀ ਸੌਤੇਲੀ ਭੈਣ ਸ਼ਹਿਜਾਦੀ ਬਿੰਤ ਸਲਮਾਨ ਨੇ ਆਪਣੇ ਵਕੀਲ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।