150 Saudi royals infected: ਪੂਰੀ ਦੁਨੀਆ ਵਿੱਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਹੁਣ ਸਾਊਦੀ ਅਰਬ ਵਿੱਚ ਵੀ ਦਸਤਕ ਦੇ ਦਿੱਤੀ ਹੈ । ਪੂਰੀ ਦੁਨੀਆ ਦੇ ਨਾਲ-ਨਾਲ ਹੁਣ ਕੋਰੋਨਾ ਨੇ ਸ਼ਾਹੀ ਮਹਿਲ ਦਾ ਦਰਵਾਜ਼ਾ ਖੜਕਾਇਆ ਹੈ । ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਸ਼ਾਹੀ ਪਰਿਵਾਰ ਦੇ 150 ਮੈਂਬਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ।
ਇਸ ਅਖਬਾਰ ਅਨੁਸਾਰ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ 500 ਬੈੱਡ ਤਿਆਰ ਕਰਨ ਦਾ ਆਦੇਸ਼ ਜਾਰੀ ਕੀਤਾ ਹੈ । ਫਿਲਹਾਲ ਇਸ ਮਾਮਲੇ ਵਿੱਚ ਮਰੀਜ਼ਾਂ ਦੀ ਗਿਣਤੀ ਨਹੀਂ ਦੱਸੀ ਗਈ ਹੈ, ਪਰ ਸਾਰੇ ਪੁਰਾਣੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਸ਼ਿਫਟ ਕਰਨ ਲਈ ਕਿਹਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਰਿਆਦ ਦੇ ਰਾਜਪਾਲ ਪ੍ਰਿੰਸ ਫੈਸਲ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਹਨ ।
ਦੱਸ ਦੇਈਏ ਕਿ ਮਹਾਂਮਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਦਸ਼ਾਹ ਸਲਮਾਨ ਨੇ ਜੇਦਾਹ ਦੇ ਨੇੜੇ ਮਹਿਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ । ਜਦਕਿ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਆਪਣੇ ਬਹੁਤ ਸਾਰੇ ਮੰਤਰੀਆਂ ਨੂੰ ਦੂਰ-ਦੁਰਾਡੇ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ । ਹੁਣ ਤੱਕ ਸਾਊਦੀ ਅਰਬ ਵਿੱਚ ਕੋਰੋਨਾ ਵਾਇਰਸ ਕਾਰਨ 41 ਮੌਤਾਂ ਨਾਲ 2932 ਲੋਕਾਂ ਵਿੱਚ ਇਸਦੀ ਪੁਸ਼ਟੀ ਹੋਈ ਹੈ ।
ਰਿਆਦ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ 24 ਘੰਟੇ ਦਾ ਕਰਫਿਊ ਲਾਗੂ ਹੈ । ਜਿੱਥੇ ਇਸਲਾਮ ਦੇ ਪਵਿੱਤਰ ਸਥਾਨਾਂ ਨੂੰ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਬੰਦ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬਾਦਸ਼ਾਹ ਸਲਮਾਨ ਵੱਲੋਂ ਆਰਜ਼ੀ ਤੌਰ ‘ਤੇ ਕੈਦੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਗਏ ਸਨ ।