ਸਾਲਾਂ ਤੋਂ ਖ਼ਰਾਬ ਚੱਲ ਰਹੇ ਸਾਊਦੀ ਅਰਬ ਤੇ ਈਰਾਨ ਦੇ ਰਿਸ਼ਤੇ ਸੁਧਰ ਸਕਦੇ ਹਨ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਅਜਿਹੀ ਹੀ ਇਕ ਬੈਠਕ ਨੌਂ ਅਪ੍ਰਰੈਲ ਨੂੰ ਬਗ਼ਦਾਦ ‘ਚ ਹੋਈ ਸੀ। ਇਸ ਬੈਠਕ ‘ਚ ਸਾਊਦੀ ਅਰਬ ਦੇ ਸਰਹੱਦੀ ਖੇਤਰਾਂ ‘ਚ ਹਾਉਤੀ ਬਾਗ਼ੀਆਂ ਦੇ ਹਮਲੇ ‘ਤੇ ਵੀ ਗੱਲਬਾਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਸਕਾਰਾਤਮਕ ਰਹੀ। ਇਹ ਖ਼ਬਰਾਂ ਅਜਿਹੇ ਸਮੇਂ ਆ ਰਹੀਆਂ ਹਨ, ਜਦੋਂ ਵਾਸ਼ਿੰਗਟਨ ਤੇ ਤਹਿਰਾਨ ਵਿਚਕਾਰ 2015 ਦੇ ਪਰਮਾਣੂ ਸਮਝੌਤਿਆਂ ਬਾਰੇ ਗੱਲਬਾਤ ਅੱਗੇ ਵਧ ਰਹੀ ਹੈ।
ਇਸ ਦਾ ਸਾਊਦੀ ਅਰਬ ਵਿਰੋਧ ਵੀ ਕਰ ਚੁੱਕਿਆ ਹੈ। ਸਾਊਦੀ ਅਰਬ ਚਾਹੁੰਦਾ ਹੈ ਕਿ ਯਮਨ ਦੇ ਸੰਘਰਸ਼ ‘ਤੇ ਵੀ ਗੱਲਬਾਤ ਹੋਵੇ, ਜਿੱਥੇ ਈਰਾਨ ਹਾਊਤੀ ਬਾਗ਼ੀਆਂ ਰਾਹੀਂ ਲੁਕਵੀਂ ਜੰਗ ਲੜ ਰਿਹਾ ਹੈ। ਸਾਊਦੀ ਅਰਬ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ‘ਚ 2018 ‘ਚ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਸਮਰਥਨ ਕੀਤਾ ਸੀ। ਨਾਲ ਹੀ ਈਰਾਨ ‘ਤੇ ਪਾਬੰਦੀ ਲਗਾਉਣ ‘ਤੇ ਵੀ ਆਪਣੀ ਸਹਿਮਤੀ ਦਿੱਤੀ ਸੀ।
ਇਸ ਗੁਪਤ ਬੈਠਕ ਬਾਰੇ ਸਾਊਦੀ ਅਰਬ ਨੇ ਕੋਈ ਟਿੱਪਣੀ ਨਹੀਂ ਕੀਤੀ ਤੇ ਈਰਾਨ ਗੱਲਬਾਤ ਤੋਂ ਇਨਕਾਰ ਕਰ ਰਿਹਾ ਹੈ। ਪਿਛਲੇ ਹਫ਼ਤੇ ਸਾਊਦੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਵਿਸ਼ਵਾਸ ਵਧਾਉਣ ਲਈ ਖਾੜੀ ਦੇ ਅਰਬ ਦੇਸ਼ਾਂ ਨਾਲ ਗੱਲਬਾਤ ਹੋ ਸਕਦੀ ਹੈ।