ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੈਮੀ ਕੰਡਕਟਰ ਦੇ ਘਰੇਲੂ ਉਤਪਾਦਨ ਵਿੱਚ ਨਿਵੇਸ਼ ਨੂੰ ਬੜ੍ਹਾਵਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਪਲਾਈ ਚੇਨ ਦੀ ਮਜ਼ਬੂਤੀ ਅਰਥਚਾਰੇ ਲਈ ਮਹੱਤਵਪੂਰਨ ਹੈ। ਸੈਮੀ ਕੰਡਕਟਰ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨ ਅਤੇ ਮਸਨੂਈ ਬੌਧਿਕਤਾ (ਏਆਈ) ਤੱਕ ਅਤਿ- ਆਧੁਨਿਕ ਤਕਨਾਲੋਜੀ ’ਤੇ ਆਧਾਰਿਤ ਹਰੇਕ ਉਤਪਾਦ ਦਾ ਆਧਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਰਾਜਧਾਨੀ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਹੋਏ ‘ਸੈਮੀਕੌਨ-2024’ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ-19 ਵਰਗੀ ਆਲਮੀ ਮਹਾਮਾਰੀ ਕਰ ਕੇ ਸਪਲਾਈ ਚੇਨ ਦੀ ਅਹਿਮੀਅਤ ਦਾ ਅਹਿਸਾਸ ਸਭ ਨੂੰ ਹੋਇਆ ਹੈ। ਉਨ੍ਹਾਂ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਵਿਘਨ ’ਤੇ ਕਾਬੂ ਪਾਉਣ ਲਈ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਸਪਲਾਈ ਚੇਨ ਦਾ ਜੁਝਾਰੂਪਣ ਜਾਂ ਮਜ਼ਬੂਤੀ ਬੇਹੱਦ ਮਹੱਤਵਪੂਰਨ ਹੈ। ਭਾਰਤ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਚੇਨ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਪਣੇ ਸੁਧਾਰਵਾਦੀ ਸ਼ਾਸਨ, ਸਥਿਰ ਨੀਤੀਆਂ ਅਤੇ ਉਸ ਬਾਜ਼ਾਰ ਦਾ ਜ਼ਿਕਰ ਵੀ ਕੀਤਾ ਜਿਸ ਨੇ ਸੈਮੀਕੰਡਕਟਰ ਉਤਪਾਦਨ ਵਿੱਚ ਨਿਵੇਸ਼ ਲਈ ਮਜ਼ਬੂਤ ਆਧਾਰ ਤਿਆਰਨ ਕਰਨ ਲਈ ਤਕਨਾਲੋਜੀ ਦਾ ਸਹਾਰਾ ਲਿਆ ਹੈ। ਉਨ੍ਹਾਂ ਸੈਮੀਕੰਡਕਟਰ ਉਦਯੋਗ ਦੇ ਭਾਈਵਾਲਾਂ ਨੂੰ ਕਿਹਾ, ‘‘ਇਹ ਭਾਰਤ ਵਿੱਚ ਮੌਜੂਦ ਹੋਣ ਦਾ ਸਹੀ ਸਮਾਂ ਹੈ।’’