ਹੁਣ ਗੱਲ ਸੁਤੰਤਰਤਾ ਦੇ ਅਧਿਕਾਰ ਦੀ। ਵਿਅਕਤੀਗਤ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਸਭ ਤੋਂ ਅਹਿਮ ਬਿੰਦੂਆਂ ‘ਚੋਂ ਇੱਕ ਹੈ। ਸੁਤੰਤਰਤਾ ਦੇ ਕੁਝ ਅਧਿਕਾਰ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹਾਸਲ ਹਨ ਜਦਕਿ ਕੁਝ ਭਾਰਤ ਦੀ ਧਰਤੀ ‘ਤੇ ਰਹਿ ਰਹੇ ਵਿਅਕਤੀ ਲਈ ਹਨ। ਸਭ ਤੋਂ ਪਹਿਲਾਂ ਗੱਲ ਆਰਟੀਕਲ 19 ਦੀ। ਇਸ ਆਰਟੀਕਲ ਤਹਿਤ ਕਈ ਤਰ੍ਹਾਂ ਦੇ ਅਧਿਕਾਰ ਆਉਂਦੇ ਹਨ।
19(1))(a) ਯਾਨੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇੱਕ ਅਜਿਹਾ ਅਧਿਕਾਰ ਹੈ, ਜਿਸ ‘ਤੇ ਹਾਲ ਹੀ ਦੇ ਦਿਨਾਂ ‘ਚ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ। ਇਹ ਆਰਟੀਕਲ ਹਰ ਨਾਗਰਿਕ ਨੂੰ ਆਪਣੀ ਗੱਲ ਬੋਲ ਕੇ, ਲਿਖ ਕੇ ਜਾਂ ਚਿੱਤਰ ਜ਼ਰੀਏ ਜਾਂ ਕਿਸੇ ਵੀ ਦੂਜੇ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਹਾਲਾਂਕਿ ਇਸ ਅਧਿਕਾਰ ਦੀਆਂ ਆਪਣੀਆਂ ਸੀਮਾਵਾਂ ਹਨ।
“ਆਰਟੀਕਲ 19A ਕਿਸੇ ਵਿਅਕਤੀ ਨੂੰ ਆਪਣੀ ਗੱਲ ਰੱਖਣ ਦੀ ਪੂਰੀ ਆਜ਼ਾਦੀ ਦਿੰਦਾ ਹੈ ਪਰ ਉਸ ਦੀਆਂ ਕਈ ਸੀਮਾਵਾਂ ਹਨ ਜਿਵੇਂ ਤੁਸੀਂ ਕੋਰਟ ਦੀ ਉਲੰਘਣਾ ਨਹੀਂ ਕਰ ਸਕਦੇ, ਕਿਸੇ ਦੀ ਮਾਨਹਾਨੀ ਨਹੀਂ ਕਰ ਸਕਦੇ।”
ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਏਕਤਾ, ਅਖੰਡਤਾ ਨੂੰ ਖਤਰਾ ਪਹੁੰਚਾਉਣ, ਅਸ਼ਲੀਲਤਾ ਫੈਲਾਉਣ, ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਕਰਨ, ਕਿਸੇ ਨੂੰ ਅਪਰਾਧ ਲਈ ਉਕਸਾਉਣ, ਅਦਾਲਤ ਦੀ ਹੱਤਕ ਕਰਨ ਜਾਂ ਕਿਸੇ ਦੀ ਮਾਨਹਾਨੀ ਕਰਨ ਲਈ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸੀਮਾਵਾਂ ਤੋਂ ਹਟ ਕੇ ਕੀਤਾ ਗਿਆ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਅਪਰਾਧਾਂ ‘ਚ ਸਜ਼ਾਯੋਗ ਅਪਰਾਧ ਹੈ।