ਮੋਹਾਲੀ-ਸੋਮਾਵਰ ਰਾਤ ਸਰਹੰਦ ਨਹਿਰ ਵਿਚ ਡਿੱਗੀ ਇਕ ਐੱਸਯੂਵੀ ਕਾਰ ਵਿਚ ਸਵਾਰ 5 ਵਿਅਕਤੀਆਂ ਨੂੰ ਕਾਰਗਿਲ ਜੰਗ ਦੇ ਸਾਬਕਾ ਫੌਜੀ ਹਰਜਿੰਦਰ ਸਿੰਘ (49) ਅਤੇ ਉਸ ਦੇ ਦੋ ਪੁੱਤਰਾਂ ਨੇ ਡੁੱਬਣ ਤੋਂ ਬਚਾ ਲਿਆ। ਇਸ ਹਾਦਸੇ ’ਚ ਇਕ ਵਿਅਕਤੀ ਦੀ ਜਾਨ ਨਹੀਂ ਬਚ ਸਕੀ।
ਜਾਣਕਾਰੀ ਅਨੁਸਾਰ ਸਾਬਕਾ ਫੌਜੀ ਹੁਣ ਮੁਕੇਸ਼ ਅੰਬਾਨੀ ਦੇ ਐਂਟੀਲੀਆ ਦੇ ਸੁਰੱਖਿਆ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਛੁੱਟੀਆਂ ਮਨਾਉਣ ਘਰ ਆਇਆ ਹੋਇਆ ਸੀ। ਸੋਮਵਾਰ ਨੂੰ ਉਹ ਆਪਣੇ ਪੁੱਤਰਾਂ ਗੁਰਲੀਨਪ੍ਰੀਤ ਸਿੰਘ (18) ਅਤੇ ਹਰਕੀਰਤ ਸਿੰਘ (17) ਦੇ ਨਾਲ ਬਠਿੰਡਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ, “ਮੈਂ ਆਪਣੀ ਕਾਰ ਦੀ ਪਿਛਲੀ ਸੀਟ ’ਤੇ ਸੌਂ ਰਿਹਾ ਸੀ ਜਦੋਂ ਕਾਰ ਚਲਾ ਰਹੇ ਮੇਰੇ ਪੁੱਤਰਾਂ ਨੇ ਸਵਾਰੀਆਂ ਸਮੇਤ ਇਕ ਵਾਹਨ ਨੂੰ ਨਹਿਰ ‘ਚ ਡੁੱਬਦਾ ਦੇਖ ਕੇ ਗੱਡੀ ਰੋਕੀ।’’
ਹਰਜਿੰਦਰ ਨੇ ਆਪਣੇ ਪੁੱਤਰ ਨਾਲ ਮਿਲ ਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਵਿਅਕਤੀਆਂ ਨੂੰ ਬਚਾਇਆ। ਤਿੰਨਾਂ ਨੇ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਪੁਲੀਸ ਨੂੰ ਬੁਲਾਇਆ। ਘਟਨਾ ਤੋਂ ਬਾਅਦ ਹਸਪਤਾਲ ਦਾਖਲ ਕਰਵਾਏ ਗਏ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸਥਾਨਕ ਲੋਕਾਂ ਨੇ ਸਾਬਕਾ ਫੌਜੀ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਹਰਜਿੰਦਰ ਨੇ 25 ਅਗਸਤ 2008 ਨੂੰ ਇਸ ਨਹਿਰ ਵਿੱਚ ਇੱਕ ਕਿਲੋਮੀਟਰ ਦੂਰ ਤੋਂ ਇਸ ਨਹਿਰ ਵਿੱਚ ਛਾਲ ਮਾਰਨ ਵਾਲੀ 25 ਸਾਲਾ ਲੜਕੀ ਨੂੰ ਬਚਾਇਆ ਸੀ। ਲੜਕੀ ਦੀ ਜਾਨ ਬਚਾਉਣ ਵਿੱਚ ਮਿਸਾਲੀ ਬਹਾਦਰੀ ਦਿਖਾਉਣ ਲਈ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਬਕਾ ਕਮਾਂਡੋ ਨੇ ਪਿੰਡ ਦੇ ਕਈ ਬੱਚਿਆਂ ਅਤੇ ਨੌਜਵਾਨਾਂ ਨੂੰ ਤੈਰਾਕੀ ਸਿੱਖਣ ਵਿੱਚ ਮਦਦ ਕੀਤੀ ਹੈ।
ਹਰਜਿੰਦਰ ਸਿੰਘ ਨੇ ਕਿਹਾ, ‘‘ਤੁਸੀਂ ਲੋਕਾਂ ਨੂੰ ਅੱਖਾਂ ਦੇ ਸਾਹਮਣੇ ਡੁੱਬਦੇ ਕਿਵੇਂ ਦੇਖ ਸਕਦੇ ਹੋ। ਰੱਬ ਨੇ ਮੈਨੂੰ ਕਿਸੇ ਦੀ ਮਦਦ ਕਰਨ ਦੀ ਸਮਰੱਥਾ ਦਿੱਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਨੌਜਵਾਨ ਪੁੱਤਰ ਰੱਬ ਦਾ ਡਰ ਰੱਖਣ ਅਤੇ ਕਿਸੇ ਲੋੜਵੰਦ ਵਿਅਕਤੀ ਨੂੰ ਬਚਾਉਣ ਦੀ ਹਿੰਮਤ ਕਰਨ।’’