ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਵਿਖੇ ਤਾਇਨਾਤ ਰਹੇ ਪ੍ਰਿੰਸੀਪਲ ਅਤੇ ਦੋ ਲੈਕਚਰਾਰਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕਾਲਜ ਦੇ ਫੰਡਾਂ ਤੇ ਵਿਦਿਆਰਥੀਆਂ ਦੀ ਫੀਸ ਦੇ 19 ਲੱਖ 15 ਹਜ਼ਾਰ 488 ਰੁਪਏ ਡਕਾਰ ਲਏ। ਮਾਮਲੇ ਦੀ ਜਾਂਚ-ਪੜਤਾਲ ਉਪਰੰਤ ਪੁਲਿਸ ਵੱਲੋਂ ਉਕਤਾਨ ਤਿੰਨਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਕਾਲਜ ਤੇ ਹਸਪਤਾਲ ਪ੍ਰਾਈਵੇਟ ਹਨ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਦੇ ਹਨ।
ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਮੇਹਰ ਸਿੰਘ ਢਿੱਲੋਂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਦਲ ਸੈਕਟਰੀ ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਨੇ ਦੱਸਿਆ ਕਿ ਪ੍ਰਿੰਸੀਪਲ ਐਸਵੀ ਪ੍ਰਵੀਨ ਜੈਨ ਵਗੈਰਾ ਨੇ ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ’ਚ ਆਪਣੇ ਅਹੁਦਿਆਂ ਦੀ ਗਲਤ ਢੰਗ ਨਾਲ ਵਰਤੋਂ ਕਰਦੇ ਹੋਏ ਕਾਲਜ/ਹਸਪਤਾਲ ਦੇ ਕਈ ਫੰਡ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਕੁੱਲ 42,92,488/-ਰੁਪਏ ਧੋਖੇ ਨਾਲ ਆਪਣੇ ਖੁਦ ਦੇ ਖਾਤੇ ਅਤੇ ਆਪਣੇ ਹੋਰਨਾਂ ਸਾਥੀਆਂ ਦੇ ਖਾਤਿਆਂ ’ਚ ਪਵਾ ਕੇ ਧੋਖਾਧੜੀ ਕੀਤੀ।
ਇਸਦੀ ਪੜਤਾਲ ਕਪਤਾਨ ਪੁਲਿਸ (ਇੰਨਵੈ:), ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਗਈ ਹੈ। ਪੜਤਾਲ ਤੋਂ ਪਾਇਆ ਗਿਆ ਹੈ ਕਿ ਐੱਸਵੀ ਪ੍ਰਵੀਨ ਜੈਨ ਅਤੇ ਉਸਦੇ ਸਾਥੀਆਂ ਨੇ ਗਬਨ ਕੀਤੀ ਗਈ ਕੁੱਲ ਰਕਮ 42,92,488/-ਰੁਪਏ ’ਚੋਂ ਕੁੱਲ ਰਕਮ 23,77,000/-ਰੁਪਏ ਕਾਲਜ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ ਪ੍ਰੰਤੂ ਬਾਕੀ ਰਹਿੰਦੀ ਰਕਮ 19,15,488/- ਰੁਪਏ ਕਾਲਜ਼ ਦੀ ਮੈਨੇਜਮੈਂਟ ਨੂੰ ਵਾਪਸ ਨਹੀਂ ਕੀਤੇ। ਐੱਸਵੀ ਪ੍ਰਵੀਨ ਜੈਨ ਪ੍ਰਿੰਸੀਪਲ, ਡਾ. ਵਿਕਰਮ ਸਿੱਧ ਲੈਕਚਰਾਰ ਅਤੇ ਡਾ. ਸਚਿਨ ਸ਼ਰਮਾ ਲੈਕਚਰਾਰ ਉਕਤਾਨ ਨੇ ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਦੇ ਕਈ ਫੰਡ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਕੁੱਲ 19,15,488/-ਰੁਪਏ ਧੋਖੇ ਨਾਲ ਪ੍ਰਾਪਤ ਕਰਕੇ ਆਪਣੇ ਗੈਰ ਕਾਨੂੰਨੀ ਨਿੱਜੀ ਹਿੱਤ ਵਿੱਚ ਵਰਤ ਕੇ ਇਹ ਪੈਸੇ ਖੁਰਦ-ਬੁਰਦ ਕੀਤੇ ਹਨ ਅਤੇ ਇਨ੍ਹਾਂ ਵੱਲੋਂ ਕੁੱਲ 19,15,488/-ਰੁਪਏ ਦੀ ਠੱਗੀ ਮਾਰਨੀ ਸਿੱਧ ਹੋਈ ਹੈ। ਪੜਤਾਲ ਉਪਰੰਤ ਪੁਲਿਸ ਵੱਲੋਂ ਥਾਣਾ ਲੰਬੀ ਵਿਖੇ ਪ੍ਰਿੰਸੀਪਲ ਐਸਵੀ ਪ੍ਰਵੀਨ ਜੈਨ ਪੁੱਤਰ ਵਿਜੈ ਕੁਮਾਰ ਵਾਸੀ ਐਮਵੀ ਰੋਡ ਜੈਨ ਮੰਦਰ ਸਾਲੀਗਰਾਮਾ ਮੈਸੂਰ ਕਰਨਾਟਕਾ, ਡਾ. ਵਿਕਰਮ ਸਿੱਧ ਲੈਕਚਰਾਰ ਪੁੱਤਰ ਯੋਗਰਾਜ ਵਾਸੀ 139/3, ਸ਼ੰਕਰ ਕਲੌਨੀ ਨੇੜੇ ਬੈਂਕ ਕਲੌਨੀ ਗੰਗਾਨਗਰ ਅਤੇ ਲੈਕਚਰਾਰ ਡਾ. ਸਚਿਨ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ ਵਾਸੀ 395-ਕੇ ਨੇਤਾ ਰੋਡ ਵਾਰਡ ਨੰਬਰ 29 ਸਰਦਾਰ ਸ਼ਹਿਰ ਰਾਜਸਥਾਨ ਦੇ ਖਿਲਾਫ ਧਾਰਾ 420,409,34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।