JNU hostel warden resigns: ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਸ਼ਾਮ ਨੂੰ ਵਿਦਿਆਰਥੀਆਂ ‘ਤੇ ਹੋਏ ਹਮਲੇ ਤੋਂ ਬਾਅਦ ਸਾਬਰਮਤੀ ਹੋਸਟਲ ਦੀ ਵਾਰਡਨ ਆਰ ਮੀਨਾ ਵਲੋਂ ਅਸਤੀਫਾ ਦੇ ਦਿੱਤਾ ਗਿਆ ਹੈ । ਦਰਅਸਲ, ਆਰ ਮੀਨਾ ਯੂਨੀਵਰਸਿਟੀ ਕੈਂਪਸ ਵਿੱਚ ਹੋਏ ਬਦਮਾਸ਼ਾਂ ਦੇ ਹਮਲੇ ਤੋਂ ਬਹੁਤ ਨਾਰਾਜ਼ ਹੈ । ਇਸ ਸਬੰਧੀ ਆਰ ਮੀਨਾ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ ਸੀ ।
ਦਰਅਸਲ, ਯੂਨੀਵਰਸਿਟੀ ਵਿੱਚ ਵਿਦਿਆਰਥੀ, ਅਧਿਆਪਕ ਅਤੇ ਸਟਾਫ ਜੇਐਨਯੂ ਵਿੱਚ ਹੋਈ ਹਿੰਸਾ ਤੋਂ ਬਹੁਤ ਨਾਰਾਜ਼ ਹਨ । ਇਸ ਹਿੰਸਾ ਤੋਂ ਬਾਅਦ ਲੋਕ ਦਿੱਲੀ ਪੁਲਿਸ ਤੋਂ ਲਗਾਤਾਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਦੰਗੇ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਹੈ ।
ਉਥੇ ਹੀ ਦੂਜੇ ਪਾਸੇ ਯੂਨੀਵਰਸਿਟੀ ਦੇ ਵੀਸੀ ਐਮ. ਜਗਦੀਸ਼ ਕੁਮਾਰ ਨੇ ਕਿਹਾ ਕਿ ਉਹ ਸਾਰੇ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਨ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਅਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਰੇ ਵਿਦਿਆਰਥੀਆਂ ਦੀ ਸਹੂਲਤ ਲਈ ਖੜ੍ਹੀ ਹੈ ।
ਦੱਸ ਦੇਈਏ ਕਿ ਐਤਵਾਰ ਨੂੰ ਹੋਈ ਇਸ ਹਿੰਸਾ ਤੋਂ ਬਾਅਦ JNU ਕੈਂਪਸ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ । ਇਸ ਹਿੰਸਾ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀ ਸਿਰਫ ਯੋਗ ਪਛਾਣ ਪੱਤਰ ਵਾਲੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਰਹੇ ਹਨ ।