ਮੁੰਬਈ-ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਂਦੇ ਰਹਿਣ ਅਤੇ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਦੇ ਦੌਰਾਨ ਮੰਗਲਵਾਰ ਨੂੰ ਬੈਂਚਮਾਰਕ ਸੂਚਕਅੰਕ ਸੈਂਸੈਕਸ ਅਤੇ ਨਿਫਟੀ (Sensex and Nifty) ਸਾਲ 2024 ਦੇ ਆਖ਼ਰੀ ਸੈਸ਼ਨ ਵਿੱਚ ਗਿਰਾਵਟ ਨਾਲ ਬੰਦ ਹੋਏ। ਇਸ ਦੌਰਾਨ ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਰੁਝਾਨ ਰਿਹਾ।
ਲਗਾਤਾਰ ਦੂਜੇ ਦਿਨ 30-ਸ਼ੇਅਰਾਂ ਵਾਲਾ ਬੰਬਈ ਸ਼ੇਅਰ ਬਾਜ਼ਾਰ (BSE) ਬੈਂਚਮਾਰਕ ਸੈਂਸੈਕਸ 109.12 ਅੰਕ ਜਾਂ 0.14 ਫ਼ੀਸਦੀ ਡਿੱਗ ਕੇ 78,139.01 ‘ਤੇ ਬੰਦ ਹੋਇਆ। ਦਿਨ ਦੌਰਾਨ ਇਕ ਵਾਰ ਇਹ 687.34 ਅੰਕ ਜਾਂ 0.87 ਫ਼ੀਸਦੀ ਡਿੱਗ ਕੇ 77,560.79 ਤੱਕ ਖਿਸਕ ਗਿਆ ਸੀ। ਦੂਜੇ ਪਾਸੇ ਨੈਸ਼ਨਲ ਸ਼ੇਅਰ ਬਾਜ਼ਾਰ (NSE) ਦਾ ਸੂਚਕਅੰਕ ਨਿਫਟੀ 0.10 ਅੰਕਾਂ ਦੀ ਮਾਮੂਲੀ ਗਿਰਾਵਟ ਨਾਲ 23,644.80 ‘ਤੇ ਬੰਦ ਹੋਇਆ।
ਜੇ ਪੂਰੇ ਸਾਲ 2024 ਦੀ ਗੱਲ ਕੀਤੀ ਜਾਵੇ ਤਾਂ ਸੈਂਸੈਕਸ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਮਿਲਾ ਕੇ 5,898.75 ਅੰਕ ਜਾਂ 8.16 ਫ਼ੀਸਦੀ ਵਧਿਆ ਅਤੇ ਨਿਫਟੀ ਨੇ 1,913.4 ਅੰਕ ਜਾਂ 8.80 ਦਾ ਵਾਧਾ ਦਰਜ ਕੀਤਾ। ਇਸ ਸਾਲ 27 ਸਤੰਬਰ ਨੂੰ ਬੀਐਸਈ ਬੈਂਚਮਾਰਕ ਸੈਂਸੈਕਸ 85,978.25 ਦੇ ਆਪਣੇ ਰਿਕਾਰਡ ਸਿਖਰ ‘ਤੇ ਪਹੁੰਚਿਆ ਅਤੇ ਐਨਐਸਈ ਨਿਫਟੀ ਵੀ ਉਸੇ ਦਿਨ ਇਤਿਹਾਸ ਦੇ ਸਿਖਰਲੇ ਮੁਕਾਮ 26,277.35 ਉਤੇ ਪਹੁੰਚ ਗਿਆ ਸੀ।
ਮੰਗਲਵਾਰ ਦੇ ਸੈਸ਼ਨ ਦੌਰਾਨ 30 ਬਲੂ-ਚਿੱਪ ਪੈਕ ਵਿੱਚੋਂ ਟੈਕ ਮਹਿੰਦਰਾ, ਜ਼ੋਮੈਟੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਆਈਸੀਆਈਸੀਆਈ ਬੈਂਕ, ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲੀਵਰ ਅਤੇ ਐਚਸੀਐਲ ਟੈਕਨਾਲੋਜੀ ਨੂੰ ਮੁੱਖ ਤੌਰ ‘ਤੇ ਪਛੜ ਗਏ। ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ, ਆਈਟੀਸੀ, ਅਲਟਰਾਟੈਕ ਸੀਮਿੰਟ ਅਤੇ ਟਾਟਾ ਮੋਟਰਜ਼ ਨੇ ਇਸ ਦੌਰਾਨ ਮੁਨਾਫ਼ਾ ਕਮਾਇਆ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਸੋਮਵਾਰ ਨੂੰ 1,893.16 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਿਹੜਾ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਮੁੱਖ ਕਾਰਨ ਹੈ।
ਏਸ਼ੀਆਈ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੰਘਾਈ ਵਿਚ ਗਿਰਾਵਟ ਦੇਖੀ ਗਈ, ਪਰ ਹਾਂਗ ਕਾਂਗ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਵਿਚ ਬੰਦ ਹੋਇਆ। ਟੋਕੀਓ ਅਤੇ ਸਿਓਲ ਵਿੱਚ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਬਾਜ਼ਾਰ ਬੰਦ ਸਨ।
ਇਸੇ ਤਰ੍ਹਾਂ ਯੂਰਪੀ ਬਾਜ਼ਾਰ ਜ਼ਿਆਦਾਤਰ ਉੱਚੇ ਪੱਧਰ ‘ਤੇ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰਾਂ ਵਿਚ ਵੀ ਲਾਲ ਨਿਸ਼ਾਨ ਵਿਚ ਬੰਦ ਹੋਏ।