ਸਮਾਰਟਫ਼ੋਨ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਾਰੇ ਸਕੂਲ ਬੰਦ ਹਨ। ਅਜਿਹੇ ਵੇਲੇ ਬੱਚਿਆਂ ਦਾ ਜ਼ਿਆਦਾਤਰ ਸਮਾਂ ਸਮਾਰਟਫ਼ੋਨ ਤੇ ਲੈਪਟਾਪ ਉੱਤੇ ਹੀ ਬਤੀਤ ਹੋ ਰਿਹਾ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਆੱਨਲਾਈਨ ਗੇਮਿੰਗ ਦੀ ਸਨਕ ਵੀ ਤੇਜ਼ੀ ਨਾਲ ਵਧੀ ਹੈ। ਇੰਟਰਨੈੱਟ ਉੱਤੇ ਕਈ ਅਜਿਹੀਆਂ ਗੇਮਜ਼ ਹਨ, ਜਿਨ੍ਹਾਂ ਦੀ ਲਤ ਬੱਚਿਆਂ ਨੂੰ ਲੱਗ ਗਈ ਹੈ। ਇਸ ਤੋਂ ਇਲਾਵਾ ਬੱਚੇ ਨੈੱਟ ਉੱਤੇ ਸਰਫ਼ਿੰਗ ਕਰਦੇ ਸਮੇਂ ਕੁਝ ਨੁਕਸਾਨਦੇਹ ਕੰਟੈਂਟ ਤੱਕ ਵੀ ਪੁੱਜ ਜਾਂਦੇ ਹਨ। ਮਾਪਿਆਂ ਨੂੰ ਅਜਿਹੇ ਹਾਲਾਤ ਵਿੱਚ ਆਪਣੇ ਬੱਚਿਆਂ ਦੀ ਸਮਾਰਟਫ਼ੋਨ ਗਤੀਵਿਧੀ ਉੱਤੇ ਨਜ਼ਰ ਰੱਖਣੀ ਹੋਵੇਗੀ। ਇਸ ਲਈ ਗੂਗਲ ਪਲੇਅ ਸਟੋਰ ਉੱਤੇ ਪੇਰੈਂਟਸ ਟੂਲਜ਼ ਉਪਲਬਧ ਹਨ।
ਤੁਹਾਡਾ ਬੱਚਾ ਮੋਬਾਇਲ ’ਤੇ ਕੀ ਕਰ ਰਿਹਾ ਹੈ ਜਾਂ ਫਿਰ ਕੀ ਵੇਖ ਰਿਹਾ ਹੈ ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਬੱਚੇ ਦੀ ਮੋਬਾਇਲ ਸਕ੍ਰੀਨ ਅਕਸੈੱਸ ਉੱਤੇ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਤੁਸੀਂ ਹਰ ਵੇਲੇ ਤਾਂ ਉਸ ਨਾਲ ਨਹੀਂ ਰਹਿ ਸਕਦੇ ਪਰ ਪੇਰੈਂਟਸ ਕੰਟਰੋਲ ਟੂਲਜ਼ ਨਿਗਰਾਨੀ ਰੱਖਣ ਲਈ ਮਦਦਗਾਰ ਸਿੱਧ ਹੋ ਸਕਦੇ ਹਨ।
ਇਨ੍ਹਾਂ ਟੂਲਜ਼ ਰਾਹੀਂ ਬੱਚਿਆਂ ਦੇ ਮੋਬਾਈਲ ਸਕ੍ਰੀਨ ਟਾਈਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਟੂਲ ਐਂਡ੍ਰਾੱਇਡ ਤੇ ਆਈਓਐੱਸ ਦੋਵਾਂ ਵਿੱਚ ਉਪਲਬਧ ਹਨ। ਇਸ ਰਾਹੀਂ ਸੋਸ਼ਲ ਮੀਡੀਆ ਮਾਨੀਟਰਿੰਗ, ਵੈੱਬ ਫ਼ਿਲਟਰਿੰਗ, ਲੋਕੇਸ਼ਨ ਟ੍ਰੈਕਿੰਗ, ਯੂਟਿਊਬ ਵੀਡੀਓ ਵਾਚ ਟਾਈਮ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਹੈ। ਜਿਹੜੇ ਐਪਸ ਤੁਹਾਡੇ ਬੱਚੇ ਲਈ ਨੁਕਸਾਨਦੇਹ ਹਨ, ਤੁਸੀਂ ਉਨ੍ਹਾਂ ਨੂੰ ਬਲਾੱਕ ਵੀ ਕਰ ਸਕਦੇ ਹੋ ਤੇ ਨਾਲ ਹੀ ਇੱਕ ਸਮਾਂ ਸੀਮਾ ਵੀ ਸੈੱਟ ਕਰ ਸਕਦੇ ਹੋ।
ਇੰਝ ਤੁਹਾਨੂੰ ਪਤਾ ਚੱਲਦਾ ਰਹੇਗਾ ਕਿ ਤੁਹਾਡਾ ਬੱਚਾ ਮੋਬਾਈਲ ਉੱਤੇ ਸਭ ਤੋਂ ਵੱਧ ਕੀ ਕਰਦਾ ਹੈ, ਕਿਹੜੀ ਗੇਮ ਜਾਂ ਐਪ ਉੱਤੇ ਸਮਾਂ ਵੱਧ ਬਿਤਾਉਂਦਾ ਹੈ।