ਸਿਆਸਤ ਅਜਿਹਾ ਖੇਤਰ ਹੈ, ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਇਸ ਖੇਤਰ ’ਚ ਆਉਣ ਵਾਲੀਆਂ ਹਸਤੀਆਂ ਕਿਸੇ ਨਾ ਕਿਸੇ ਹੋਰ ਖੇਤਰ ’ਚ ਵੀ ਨਾਂ ਬਣਾਉਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ’ਚੋਂ ਕਈ ਤਾਂ ਆਲਮੀ ਪੱਧਰ ’ਤੇ ਆਪਣੀ ਪਛਾਣ ਰੱਖਦੇ ਹਨ। ਗੱਲ ਖਿਡਾਰੀਆਂ ਦੀ ਕਰੀਏ ਤਾਂ ਇਹ ਵੀ ਸਿਆਸਤ ਤੋਂ ਅਛੂਤਾ ਨਹੀਂ ਰਿਹਾ। ਕਈ ਖਿਡਾਰੀਆਂ ਨੇੇ ਖੇਡ ਦੇ ਮਾਮਲੇ ’ਚ ਤਾਂ ਭੱਲ ਖੱਟੀ ਹੀ ਸਗੋਂ ਸਿਆਸਤ ਦੇ ਖੇਤਰ ’ਚ ਆ ਕੇ ਲੋਕਾਈ ਦੇ ਮਸਲਿਆਂ ਦੀ ਵੀ ਗੱਲ ਕੀਤੀ। ਇਨ੍ਹਾਂ ’ਚੋਂ ਕਈ ਤਾਂ ਸਿਆਸਤ ’ਚ ਵੀ ਪੂਰੀ ਤਰ੍ਹਾਂ ਕਾਮਯਾਬ ਹੋਏ ਤੇ ਕਈ ਹਾਲੇ ਸਫਲਤਾ ਦੀ ਉਡੀਕ ’ਚ ਹਨ। ਇਹ ਜ਼ਰੂਰੀ ਨਹੀਂ ਕਿ ਜੋ ਖਿਡਾਰੀ ਵਜੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ, ਉਹ ਸਿਆਸਤਦਾਨ ਵਜੋਂ ਵੀ ਲੋਕਾਂ ’ਚ ਆਪਣਾ ਵਧੀਆ ਅਕਸ ਕਾਇਮ ਕਰ ਸਕੇ। ਕੁਝ ਸਮਾਂ ਪਹਿਲਾਂ ਆਪਣੇ ਸਮੇਂ ਦੇ ਉੱਘੇ ਿਕਟਰ ਰਹੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਹਾਲ ਹੀ ’ਚ ਅਸਤੀਫ਼ਾ ਦੇਣ, ਪਰਗਟ ਸਿੰਘ ਪਹਿਲੀ ਵਾਰ ਮੰਤਰੀ ਬਣਨ ਕਰਕੇ ਕਾਫ਼ੀ ਸੁਰਖ਼ੀਆਂ ’ਚ ਹਨ। ਅਜਿਹੇ ਮਾਹੌਲ ਦਰਮਿਆਨ ਅੱਜ ਗੱਲ ਕਰਦੇ ਹਾਂ ਸਿਆਸਤ ਦੇ ਮੈਦਾਨ ’ਚ ਕਦਮ ਰੱਖਣ ਵਾਲੇ ਖਿਡਾਰੀਆਂ ਦੀ।
ਹੈਂਡਬਾਲ ਦੇ ਖਿਡਾਰੀ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖੇਡਾਂ ’ਚ ਖ਼ਾਸਾ ਉਤਸ਼ਾਹ ਰੱਖਦੇ ਹਨ। ਉਹ ਆਪਣੀ ਜਵਾਨੀ ਸਮੇਂ ਹੈਂਡਬਾਲ ਦੇ ਬਹੁਤ ਵਧੀਆ ਨੈਸ਼ਨਲ ਖਿਡਾਰੀ ਰਹੇ ਹਨ। ਉਨ੍ਹਾਂ ਨੇ ਇਸ ਖੇਡ ਲਈ ਬਹੁਤ ਸਾਰੇ ਮਾਣ-ਸਨਮਾਨ ਹਾਸਲ ਕੀਤੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੰਟਰ-ਯੂਨੀਵਰਸਿਟੀ ਸਪੋਰਟਸ ਮੀਟ ’ਚ ਖੇਡਦਿਆਂ ਤਿੰਨ ਵਾਰ ਗੋਲਡ ਮੈਡਲ ਵੀ ਹਾਸਲ ਕੀਤਾ। ਨੈਸ਼ਨਲ ਪੱਧਰ ’ਤੇ ਵੀ ਉਨ੍ਹਾਂ ਨੇ ਹੈਂਡਬਾਲ ਖੇਡੀ। ਮੁੱਖ ਮੰਤਰੀ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਹੀ ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।
ਪੋਲੋ ਵਧੀਆ ਖੇਡ ਲੈਂਦੇ ਨੇ ਕੈਪਟਨ ਅਮਰਿੰਦਰ ਸਿੰਘ
ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਖੇਡ ਪ੍ਰੇਮੀ ਹੋਣ ਦੇ ਨਾਲ-ਨਾਲ ਖ਼ੁਦ ਵੀ ਬਹੁਤ ਵਧੀਆ ਖੇਡ ਲੈਂਦੇ ਹਨ। ਪੋਲੋ ’ਚ ਤਾਂ ਉਹ ਖ਼ਾਸ ਮੁਹਾਰਤ ਰੱਖਦੇ ਹਨ। ਉਹ ਹੋਰ ਵੀ ਕਈ ਖੇਡਾਂ ’ਚ ਸ਼ਮੂਲੀਅਤ ਕਰ ਲੈਂਦੇ ਹਨ। ਜਾਂਦੇ-ਜਾਂਦੇ ਉਹ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਹੱਥੀਂ ਲਜ਼ੀਜ਼ ਪਕਵਾਨ ਖਵਾ ਕੇ ਗਏ। ਉਨ੍ਹਾਂ ਨੇ ਪੰਜਾਬ ਦੇ ਖਿਡਾਰੀਆਂ ਵੱਲੋਂ ਓਲੰਪਿਕ ’ਚ ਬਿਹਤਰ ਪ੍ਰਦਰਸ਼ਨ ਕੀਤੇ ਜਾਣ ’ਤੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਹੱਥੀਂ ਪਕਵਾਨ ਬਣਾ ਕੇ ਪਰੋਸਣਗੇ। ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਭਾਰਤੀ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।
ਸਿਕਸਰ ਸਿੱਧੂ’ ਦੇ ਨਾਂ ਨਾਲ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ
20 ਅਕਤੂਬਰ 1963 ਨੂੰ ਜਨਮਿਆ ਨਵਜੋਤ ਸਿੰਘ ਸਿੱਧੂ ਆਪਣੀ ਖੇਡ ਦੇ ਨਾਲ-ਨਾਲ ਸ਼ੇਅਰੋ-ਸ਼ਾਇਰੀ ਤੇ ਖਿੱਚਪਾਊ ਭਾਸ਼ਣ ਲਈ ਜਾਣਿਆ ਜਾਂਦਾ ਹੈ। ਆਪਣੇ 19 ਸਾਲਾ ਦੇ ਕਰੀਅਰ ਦੌਰਾਨ ਉਸ ਨੇ ਕਈ ਮੈਚਾਂ ’ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਪੰਜਾਬ ਦਾ ਸਿਰ ਪੂਰੇ ਭਾਰਤ ਤੇ ਦੁਨੀਆ ’ਚ ਉੱਚਾ ਕੀਤਾ। ਉਸ ਨੇ ਤਕਰੀਬਨ 51 ਟੈਸਟ ਮੈਚ ਤੇ 136 ਵਨ ਡੇ ਮੈਚਾਂ ’ਚ ਭਾਗ ਲਿਆ। ਉਸ ਨੂੰ ‘ਸਿਕਸਰ ਸਿੱਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 2004 ’ਚ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਿਆ। 2014 ਦੀਆਂ ਲੋਕ ਸਭਾ ਚੋਣਾਂ ’ਚ ਉਸ ਨੇ ਭਾਜਪਾ ਦੀ ਟਿਕਟ ’ਤੇ ਅੰਮਿ੍ਰਤਸਰ ਤੋਂ ਜਿੱਤ ਹਾਸਲ ਕੀਤੀ। ਉਹ ਕੁਝ ਸਮੇਂ ਲਈ ਰਾਜ ਸਭਾ ਮੈਂਬਰ ਬਣਿਆ। 2 ਸਤੰਬਰ 2016 ਨੂੰ ਉਸ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ਕੇ ‘ਆਵਾਜ਼-ਏ-ਪੰਜਾਬ’ ਨਾਂ ਦੇ ਸਿਆਸੀ ਫਰੰਟ ਦਾ ਗਠਨ ਕੀਤਾ। ਜਨਵਰੀ 2017 ’ਚ ਉਹ ਕਾਂਗਰਸ ’ਚ ਸ਼ਾਮਲ ਹੋ ਗਿਆ ਤੇ ਅੰਮਿ੍ਰਤਸਰ ਈਸਟ ਹਲਕੇ ਤੋਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ। ਚੋਣ ਜਿੱਤਣ ਤੋਂ ਬਾਅਦ ਉਸ ਨੂੰ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲੇ ਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ। ਬਾਅਦ ’ਚ ਉਸ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਵਿਭਾਗ ਦੇ ਦਿੱਤਾ ਗਿਆ। 14 ਜੁਲਾਈ 2009 ਨੂੰ ਉਸ ਨੇ ਪੰਜਾਬ ਮੰਤਰੀ ਮੰਡਲ ’ਚੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ। 18 ਜੁਲਾਈ 2021 ਨੂੰ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਪ੍ਰਧਾਨ ਬਣਨ ਤੋਂ ਮਹਿਜ਼ 72 ਦਿਨਾਂ ਬਾਅਦ 28 ਸਤੰਬਰ 2021 ਨੂੰ ਉਸ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਖੇਡਾਂ ’ਚ ਨਾਂ ਬਣਾਉਣ ਵਾਲੇ ਬਣੇ ਖੇਡ ਮੰਤਰੀ
ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਕੌਮਾਂਤਰੀ ਤੇ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ’ਚ ਦਿਲਚਸਪੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਰਾਜਸੀ ਪਿੜ ’ਚ ਦਾਖਲੇ ਤੋਂ ਬਾਅਦ ਦੇਸ਼ ਨੂੰ ਬੈਂਕਾਕ-1998 ਦੀਆਂ ਏਸ਼ਿਆਈ ਖੇਡਾਂ ’ਚ 800 ਅਤੇ 1500 ਮੀਟਰ ’ਚ ਦੋ ਗੋਲਡ ਮੈਡਲ ਜਿੱਤਾਉਣ ਵਾਲੀ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਜਿਓਤਿਰਮਈ ਸਿਕਦਾਰ ਨੇ ਕਮਿਊਨਿਸਟ ਪਾਰਟੀ (ਐਮ) ਦੀ ਟਿਕਟ ’ਤੇ ਕਰਿਸ਼ਨਗਰ ਲੋਕ ਸਭਾ ’ਤੇ ਜਿੱਤ ਦਰਜ ਕੀਤੀ। ਸਿਕਦਾਰ ਨੇ 2019 ’ਚ ਇਸੇ ਲੋਕ ਸਭਾ ਹਲਕੇ ਟੀਐਮਸੀ ਦੀ ਟਿਕਟ ’ਤੇ ਦੁਬਾਰਾ ਚੋਣ ਲੜੀ ਪਰ ਸਫਲ ਨਹੀਂ ਹੋ ਸਕੀ। ਬਾਰਸੀਲੋਨਾ ਅਤੇ ਐਟਲਾਂਟਾ ਓਲੰਪਿਕ ਹਾਕੀ ’ਚ ਕੌਮੀ ਟੀਮ ਦੀ ਕਪਤਾਨੀ ਕਰਨ ਵਾਲੇ ਅਰਜੁਨਾ ਐਵਾਰਡੀ ਅਤੇ ਪਦਮਸ਼੍ਰੀ ਓਲੰਪੀਅਨ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਪਹਿਲਾਂ ਅਕਾਲੀ ਦਲ ਅਤੇ 2017 ’ਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਣਨ ਤੋਂ ਬਾਅਦ ਮੌਜੂਦਾ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਵਾਈ ਵਾਲੀ ਪੰਜਾਬ ਸਰਕਾਰ ’ਚ ਖੇਡ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਇਹੋ ਸੀਟ ਸ਼ੋ੍ਰਮਣੀ ਅਕਾਲੀ ਦਲ ਦੇ ਟਿਕਟ ’ਤੇ ਜਿੱਤੀ ਸੀ ਪਰ ਉਸ ਸਮੇਂ ਉਹ ਮੰਤਰੀ ਨਹੀਂ ਬਣ ਸਕੇ ਸਨ। ਸਟਾਰ ਿਕਟਰ ਸਚਿਨ ਤੇਂਦੂਲਕਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਸਿਫਾਰਸ਼ ’ਤੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪਦਮਸ਼੍ਰੀ ਅਤੇ ਪਦਮ ਭੂਸ਼ਨ ਐਵਾਰਡ ਹਾਸਲ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ 25 ਅਪਰੈਲ, 2016 ’ਚ ਤੱਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਰਾਜ ਸਭਾ ’ਚ ਨਾਮੀਨੇਟ ਕੀਤਾ ਗਿਆ। ਤਿੰਨ ਓਲੰਪਿਕ ਟੂਰਨਾਮੈਂਟਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਓਲੰਪੀਅਨ ਥਰੋਅਰ ਿਸ਼ਨਾ ਪੂਨੀਆ ਕਾਂਗਰਸ ਦੀ ਟਿਕਟ ’ਤੇ ਸਾਦਲਪੁਰ (ਰਾਜਸਥਾਨ) ਤੋਂ 2018 ’ਚ ਐਮਐਲਏ ਬਣਨ ’ਚ ਸਫਲ ਹੋਈ ਪਰ ਅਸ਼ੋਕ ਗਹਿਲੋਤ ਸਰਕਾਰ ’ਚ ਮੰਤਰੀ ਨਹੀਂ ਬਣ ਸਕੀ। ਿਕਟਰ ਗੌਤਮ ਗੰਭੀਰ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਬਣਨ ’ਚ ਸਫਲਤਾ ਹਾਸਲ ਕੀਤੀ ਹੈ। ਗੌਤਮ ਗੰਭੀਰ ਤੋਂ ਪਹਿਲਾਂ ਮਰਹੂਮ ਿਕਟਰ ਕੀਰਤੀ ਆਜ਼ਾਦ ਵੀ ਦਰਭੰਗਾ (ਬਿਹਾਰ) ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।
ਹਾਕੀ ਓਲੰਪੀਅਨ ਤੋਂ ਖੇਡ ਮੰਤਰੀ ਬਣਿਆ ਅਖ਼ਤਰ ਰਸੂਲ
ਮੈਦਾਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਹਾਕੀ ਓਲੰਪੀਅਨ ਅਖਤਰ ਰਸੂਲ ਨੇ 1985 ’ਚ ਰਾਜਨੀਤੀਕ ਪਾਰੀ ਖੇਡਣ ਦਾ ਫੈਸਲਾ ਕੀਤਾ। ਸਾਲ-1986 ’ਚ ਅਖਤਰ ਰਸੂਲ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਐਮਪੀਏ (ਮੈਂਬਰ ਆਫ ਪ੍ਰੋਵੀਨਸ਼ੀਅਲ ਅਸੈਂਬਲੀ) ਦੀ ਚੋਣ ਜਿੱਤੀ। 1988 ’ਚ ਅਖਤਰ ਰਸੂਲ ਨੂੰ ਪੰਜਾਬ ਦਾ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਨਾਮਜ਼ਦ ਕੀਤਾ ਗਿਆ। ਤਿੰਨ ਹਾਕੀ ਚੈਂਪੀਅਨਜ਼ ਟਰਾਫੀਆਂ ’ਚ ਪਾਕਿ ਹਾਕੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਅਖਤਰ ਰਸੂਲ ਨੂੰ 1990 ’ਚ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਤੋਂ ਬਾਅਦ ਖੇਡ ਮੰਤਰੀ ਬਣਾਇਆ ਗਿਆ। 1993 ’ਚ ਅਖਤਰ ਰਸੂਲ ਨੇ ਪੰਜਾਬ ਤੋਂ ਦੂਜੀ ਵਾਰ ਐਮਐਲਏ ਦੀ ਸੀਟ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਣ ’ਚ ਸਫਲਤਾ ਹਾਸਲ ਕੀਤੀ। ਸਾਲ-1981 ਤੋਂ 1982 ਤੱਕ ਲਗਾਤਾਰ ਦੋ ਸਾਲ ਪਾਕਿ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਅਖਤਰ ਰਸੂਲ ਨੇ 1986 ਤੋਂ ਬਾਅਦ ਦੂਜੀ ਵਾਰ ਐਮਪੀਏ ਦੀ ਸੀਟ ਜਿੱਤ ਕੇ ਮੁਸਲਿਮ ਲੀਗ ਦੀ ਝੋਲੀ ਪਾਈ। ਹਾਕੀ ਓਲੰਪੀਅਨ ਅਤੇ ਪ੍ਰਸਿੱਧ ਸਾਇੰਟਿਸਟ ਚੌਧਰੀ ਗੁਲਾਮ ਰਸੂਲ ਦਾ ਪੁੱਤਰ ਅਖਤਰ ਰਸੂਲ ਦੁਨੀਆਂ ਦਾ ਪਲੇਠਾ ਹਾਕੀ ਖਿਡਾਰੀ ਹੈ, ਜਿਸ ਨੇ ਕਰੀਅਰ ’ਚ ਪੰਜ ਆਲਮੀ ਹਾਕੀ ਕੱਪ ਖੇਡਣ ਸਦਕਾ ਚਾਰ ਵਰਲਡ ਹਾਕੀ ਕੱਪ ਮੁਕਾਬਲਿਆਂ ਬਾਰਸੀਲੋਨਾ-1971, ਬਿਊਨਸ ਏਰੀਅਸ-1978 ਅਤੇ ਮੁੰਬਈ-1982 ’ਚ ਗੋਲਡ ਮੈਡਲ ਅਤੇ ਕੁਆਲਾਲੰਪੁਰ-1975 ’ਚ ਸਿਲਵਰ ਮੈਡਲ ਜਿੱਤਣ ਵਾਲੀ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਅਖਤਰ ਰਸੂਲ ਕੁੱਲ ਜਗਤ ਦਾ ਨਿਵੇਕਲਾ ਖਿਡਾਰੀ ਹੈ, ਜਿਸ ਨੂੰ ਸੰਸਾਰ-ਵਿਆਪੀ ਹਾਕੀ ਦੇ ਖੇਡੇ ਹਰ ਵੱਡੇ ਮੁਕਾਬਲਿਆਂ ਓਲੰਪਿਕ ਹਾਕੀ, ਵਿਸ਼ਵ ਹਾਕੀ ਕੱਪ ਅਤੇ ਏਸ਼ੀਅਨ ਖੇਡਾਂ ’ਚ ਤਗਮਾ ਜਿੱਤਣ ਦਾ ਹੱਕ ਹਾਸਲ ਹੋਇਆ। ਕੌਮਾਂਤਰੀ ਹਾਕੀ ’ਚ ਆਪਣੀ ਸਟਿੱਕ ’ਚੋਂ 22 ਗੋਲ ਕੱਢਣ ਵਾਲੇ ਅਖਤਰ ਰਸੂਲ ਨੇ ਜਿੱਥੇ ਮਿਓਨਿਖ-1972 ਓਲੰਪਿਕ ’ਚ ਚਾਂਦੀ ਅਤੇ ਮਾਂਟੀਰੀਅਲ-1976 ਓਲੰਪਿਕ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ ਉਥੇ ਤਹਿਰਾਨ-1974 ਅਤੇ ਬੈਂਕਾਕ-1978 ਦੀਆਂ ਏਸ਼ੀਅਨ ਖੇਡਾਂ ’ਚ ਕਰਮਵਾਰ ਦੋਵੇਂ ਵਾਰ ਸੋਨੇ ਦੇ ਤਗਮੇ ਹਾਸਲ ਕਰਨ ਵਾਲੀ ਪਾਕਿ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ।
ਖੇਡ ਵਿਭਾਗ ਦੇ ਨਿਰਦੇਸ਼ਕ ਤੋਂ ਖੇਡ ਮੰਤਰੀ ਤਕ ਪਰਗਟ ਸਿੰਘ
ਆਖਰ ਤਿੰਨ ਵਾਰ ਓਲੰਪਿਕ ਹਾਕੀ ’ਚ ਦੇਸ਼ ਦੀ ਪ੍ਰਤੀਨਿੱਧਤਾ ਕਰਨ ਵਾਲੇ ਪ੍ਰਗਟ ਸਿੰਘ ਵਲੋਂ ਖੇਡੀ ਗਈ ਸ਼ਾਨਦਾਰ ਖੇਡ ਪਾਰੀ ਦਾ ਮੁੱਲ ਪੈ ਗਿਆ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸਰਕਾਰ ’ਚ ਜਲੰਧਰ ਕੈਂਟ ਤੋਂ ਦੂਜੀ ਵਾਰ ਵਿਧਾਇਕ ਬਣੇ ਸਾਬਕਾ ਹਾਕੀ ਓਲੰਪੀਅਨ ਪ੍ਰਗਟ ਸਿੰਘ ਖੇਡ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਪ੍ਰਸਿੱਧ ਫੁੱਲ ਬੈਕ ਖਿਡਾਰੀ ਪ੍ਰਗਟ ਸਿੰਘ ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਡਾਇਰੈਕਟਰ ਸਪੋਰਟਸ ਪੰਜਾਬ ਲਗਾਇਆ ਗਿਆ ਸੀ। ਖੇਡ ਵਿਭਾਗ ’ਚ ਡਾਇਰੈਕਟਰ ਤੋਂ ਪਹਿਲਾਂ ਪ੍ਰਗਟ ਸਿੰਘ ਪੰਜਾਬ ਪੁਲੀਸ ’ਚ ਐੱਸਪੀ ਦੇ ਅਹੁਦੇ ’ਤੇ ਬਿਰਾਜਮਾਨ ਸਨ। ਜਥੇਦਾਰ ਤੋਤਾ ਸਿੰਘ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਸਦਕਾ ਪ੍ਰਗਟ ਸਿੰਘ ਨੂੰ 2012 ’ਚ ਅਕਾਲੀ ਦਲ ਵਲੋਂ ਜਲੰਧਰ ਕੈਂਟ ਤੋਂ ਐੱਮਐੱਲਏ ਦੀ ਚੋਣ ਲੜਾਈ ਗਈ। ਅਕਾਲੀ ਦਲ ਦੀ ਟਿਕਟ ’ਤੇ ਪ੍ਰਗਟ ਸਿੰਘ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਇਕ ਬਣੇ। ਅਕਾਲੀ ਦਲ ਨੂੰ ਅਲਵਿਦਾ ਆਖਣ ਤੋਂ ਬਾਅਦ ਪ੍ਰਗਟ ਸਿੰਘ ਨੇ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਦੂਜੀ ਵਾਰ ਵਿਧਾਇਕੀ ਹਾਸਲ ਕੀਤੀ। ਪ੍ਰਗਟ ਸਿੰਘ ਦਾ ਜਨਮ ਵਿਸ਼ਵ ਹਾਕੀ ਦੀ ਜ਼ਰਖ਼ੇਜ਼ ਭੂਮੀ ਮੰਨੇ ਜਾਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ। ਪ੍ਰਗਟ ਸਿੰਘ ਦੀ ਹਾਕੀ ਦਾ ਖੇਡ ਚਿੱਠਾ ਬਹੁਤ ਲੰਮੇਰਾ ਹੈ। ਉਹ 1988 ’ਚ ਸਿਓਲ (ਦੱਖਣੀ ਕੋਰੀਆ), 1992 ਬਾਰਸੀਲੋਨਾ (ਸਪੇਨ) ਅਤੇ 1996 ਐਟਲਾਂਟਾ ਓਲੰਪਿਕ ਖੇਡਿਆ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਉਸ ਨੇ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਪਰਗਟ ਵਿਸ਼ਵ ਦਾ ਪਹਿਲਾ ਹਾਕੀ ਓਲੰਪੀਅਨ ਹੈ ਜਿਸ ਨੇ ਦੋ ਵਾਰ ਓਲੰਪਿਕ ਹਾਕੀ ’ਚ ਟੀਮ ਦੀ ਕਪਤਾਨੀ ਸੰਭਾਲ ਕੇ ਸੰਸਾਰ ਹਾਕੀ ’ਚ ਨਵਾਂ ਮੀਲ ਪੱਥਰ ਗੱਡਿਆ ਹੋਇਆ ਹੈ। ਓਲੰਪਿਕ ਹਾਕੀ ’ਚ ਦੋ ਵਾਰ ਕਪਤਾਨੀ ਦਾ ਰਿਕਾਰਡ ਬਣਾਉਣ ਵਾਲੇ ਪਰਗਟ ਸਿੰਘ ਨੇ ਹਿੰਦ ਦੀ ਹਾਕੀ ਟੀਮ ਦੀ 168 ਕੌਮਾਂਤਰੀ ਹਾਕੀ ਮੈਚਾਂ ’ਚ ਕਪਤਾਨੀ ਕਰਨ ਦੇ ਇਤਿਹਾਸ ਦਾ ਨਵਾਂ ਹਾਕੀ ਅਧਿਆਇ ਵੀ ਆਪਣੇ ਨਾਮ ਨਾਲ ਜੋੜਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਜਦੋਂ ਉਸ ਨੇ ਸੰਸਾਰ ਹਾਕੀ ਦੀ ਲੰਮੀ ਪਾਰੀ ਖੇਡ ਕੇ ਹਾਕੀ ਖੇਡਣ ਤੋਂ ਕਿਨਾਰਾ ਕੀਤਾ ਤਾਂ 313 ਕੌਮਾਂਤਰੀ ਹਾਕੀ ਮੈਚ ਖੇਡਣ ਦਾ ਕੀਰਤੀਮਾਨ ਵੀ ਪਰਗਟ ਸਿੰਘ ਦੇ ਨਾਮ ਬੋਲਦਾ ਸੀ। ਹੁਣ ਭਾਵੇਂ ਹਾਲੈਂਡ ਦੇ ਜਿਰੋਇਨ ਡੈਲਮੀ ਤੋਂ ਇਲਾਵਾ ਹੋਰ ਵੀ ਕੁਝ ਖਿਡਾਰੀ ਪਰਗਟ ਸਿੰਘ ਦੇ 313 ਅੰਤਰਰਾਸ਼ਟਰੀ ਮੈਚ ਖੇਡਣ ਦੇ ਅੰਕੜੇ ਤੋਂ ਅੱਗੇ ਉਲੰਘ ਚੁੱਕੇ ਹਨ।
ਪਰਗਟ ਨੇ ਹਾਕੀ ਦੇ 2 ਵਿਸ਼ਵ ਕੱਪ ਖੇਡੇ। ਲੰਡਨ 1986 (ਇੰਗਲੈਂਡ) ਦੇ ਸੰਸਾਰ ਵਿਸ਼ਵ ਕੱਪ ’ਚ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਪਰਗਟ ਨੇ 1990 ’ਚ ਲਾਹੌਰ (ਪਾਕਿਸਤਾਨ) ਸੰਸਾਰ ਹਾਕੀ ਕੱਪ ’ਚ ਹਿੰਦ ਦੀ ਹਾਕੀ ਟੀਮ ਦੀ ਕਮਾਨ ਵੀ ਸੰਭਾਲੀ। ਏਸ਼ੀਆ ਪੱਧਰ ’ਤੇ ਪਰਗਟ ਦੋ ਏਸ਼ੀਆ ਕੱਪ ਅਤੇ ਦੋ ਵਾਰ ਹੀ ਏਸ਼ੀਆਈ ਹਾਕੀ ਖੇਡਿਆ। ਢਾਕਾ (ਬੰਗਲਾਦੇਸ਼) 1986 ਦਾ ਏਸ਼ੀਆ ਕੱਪ ਅਤੇ 1986 ਸਿਓਲ (ਦੱਖਣੀ ਕੋਰੀਆ) ਏਸ਼ੀਆ ਹਾਕੀ ਖੇਡਣ ਵਾਲਾ ਪਰਗਟ 1989 ਦਿੱਲੀ ਦੇ ਏਸ਼ੀਆ ਕੱਪ ਅਤੇ ਬੀਜਿੰਗ 1990 ਚੀਨ ਏਸ਼ੀਆਈ ਹਾਕੀ ’ਚ ਹਿੰਦ ਦੀ ਹਾਕੀ ਟੀਮ ਦਾ ਕਪਤਾਨ ਸੀ। ਪਰਗਟ 4 ਵਾਰ ਅਜ਼ਲਾਨ ਸ਼ਾਹ ਹਾਕੀ ਕੱਪ ਮਲੇਸ਼ੀਆ ਖੇਡਿਆ। 1986-1988 ’ਚ ਉਹ ਟੀਮ ਦਾ ਖਿਡਾਰੀ ਅਤੇ 1991-1995 ’ਚ ਹਾਕੀ ਟੀਮ ਦਾ ਕਪਤਾਨ ਸੀ। ਮੈਦਾਨ ਅੰਦਰ ਨਿਰਾਲੀ ਸ਼ਾਨ ਨਾਲ ਹਾਕੀ ਖੇਡਣ ਵਾਲੇ ਪਰਗਟ ਨੂੰ 2 ਵਾਰ ਆਲ ਏਸ਼ੀਅਨ ਸਟਾਰ ਟੀਮ ਲਈ ਚੁਣਿਆ ਗਿਆ। 1987 ’ਚ ਉਹ ਏਸ਼ੀਅਨ ਇਲੈਵਨ ਟੀਮ ਵੱਲੋਂ ਅਫ਼ਰੀਕਾ ਖੇਡ ਟੂਰ ’ਤੇ ਵੀ ਗਿਆ। ਏਸ਼ੀਆ ਇੰਟਰਨੈਸ਼ਨਲ ਹਾਕੀ ਕੱਪ 1991 ’ਚ ਉਸ ਨੇ ਆਲ ਏਸ਼ੀਅਨ ਹਾਕੀ ਟੀਮ ਦੀ ਕਪਤਾਨੀ ਕੀਤੀ। ਦੇਸ਼ ਦੀ ਹਾਕੀ ਟੀਮ ਵੱਲੋਂ ਰੂਸ 1986, ਦੁਬਈ 1986, ਕੁਵੈਤ 1996, ਚੇਨਈ 1996 (ਕਪਤਾਨ), ਆਸਟਰੇਲੀਆ 1996 (ਕਪਤਾਨ), ਕੇਮਜ਼ 1996 (ਕਪਤਾਨ) ਅਤੇ ਹੈਮਬਰਗ (ਜਰਮਨ) 1996 (ਕਪਤਾਨ) ’ਚ ਹੋਏ ਚਾਰ ਦੇਸ਼ਾਂ ਦੇ ਹਾਕੀ ਮੁਕਾਬਲੇ ’ਚ ਪਰਗਟ ਸੱਤ ਵਾਰ ਖੇਡਿਆ। ਪਰਗਟ ਨੇ ਆਪਣਾ ਕੌਮਾਂਤਰੀ ਹਾਕੀ ਸਫ਼ਰ ਜਾਰੀ ਰੱਖਦਿਆਂ ਸੈਫ਼ ਹਾਕੀ ਚੇਨਈ 1995 ਅਤੇ ਕੀਨੀਆ 1988 ਅਤੇ ਬਾਰਸੀਲੋਨਾ (ਸਪੇਨ) 1986 ਦੇ ਪ੍ਰੀ-ਓਲੰਪਿਕ ਹਾਕੀ ਕੁਆਲੀਫ਼ਾਈ ਟੂਰਨਾਮੈਂਟ ’ਚ ਹਾਕੀ ਦੀ ਕਪਤਾਨੀ ਦਾ ਭਾਰ ਵੀ ਆਪਣੇ ਸਿਰ ’ਤੇ ਚੁੱਕਿਆ। 1995 ’ਚ ਇਟਲੀ ’ਚ ਹੋਏ 6 ਦੇਸ਼ਾਂ ਦੇ ਹਾਕੀ ਟੂਰਨਾਮੈਂਟ ਅਤੇ 1992 ਦਿੱਲੀ ਇੰਦਰਾ ਗਾਂਧੀ ਗੋਲਡ ਹਾਕੀ ਕੱਪ ਖੇਡਣ ਵਾਲੀ ਟੀਮ ਦਾ ਅਗਵਾਈਕਾਰ ਵੀ ਪਰਗਟ ਹੀ ਸੀ। ਇੰਦਰਾ ਗਾਂਧੀ ਹਾਕੀ ਕੱਪ 1987 ਅਤੇ 1988 ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪਰਗਟ ਨੇ ਚਾਰ ਵਾਰ ਪਰਥ 1985 (ਆਸਟਰੇਲੀਆ), ਕਰਾਚੀ 1986 (ਪਾਕਿਸਤਾਨ), ਬਰਲਿਨ 1989 (ਜਰਮਨੀ) ਅਤੇ ਮਦਰਾਸ 1997 ’ਚ ਵਿਸ਼ਵ ਚੈਂਪੀਅਨਜ਼ ਹਾਕੀ ਟਰਾਫ਼ੀ ਖੇਡ ਕੇ ਆਪਣੇ ਹਾਕੀ ਕੈਰੀਅਰ ਨੂੰ ਹੋਰ ਵੀ ਸਿਖ਼ਰੀਂ ਪਹੁੰਚਾਇਆ। 1996 ’ਚ ਐਟਲਾਂਟਾ ਓਲੰਪਿਕ ਦੇ ਆਗ਼ਾਜ਼ (ਮਾਰਚ ਪਾਸਟ) ਸਮੇਂ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਪਰਗਟ ਨੇ 1985, 1986 ਅਤੇ 1988 ’ਚ ਲਗਾਤਾਰ ਤਿੰਨ ਵਾਰ ਪਰਸਪਰ ਵਿਰੋਧੀ ਦੇਸ਼ ਪਾਕਿਸਤਾਨ ਨਾਲ ਟੈਸਟ ਹਾਕੀ ਖੇਡਣ ਦਾ ਖ਼ਾਸ ਰੁਤਬਾ ਹਾਸਲ ਕੀਤਾ। ਇੱਥੇ ਹੀ ਬਸ ਨਹੀਂ, ਕਪਤਾਨੀ ਪਾਰੀ ’ਚ ਉਸ ਨੇ 1991 ਦਿੱਲੀ ’ਚ ਕੀਨੀਆ, 1991 ਦਿੱਲੀ ’ਚ ਹੀ ਇਟਲੀ, 1991 ਆਸਟਰੇਲੀਆ ਅਤੇ 1995 ’ਚ ਮਲੇਸ਼ੀਆ ਦੀਆਂ ਹਾਕੀ ਟੀਮਾਂ ਨਾਲ ਹਾਕੀ ਦੇ ਅਭਿਆਸੀ ਮੈਚ ਖੇਡ ਕੇ ਆਪਣੇ ਪੈਰ ਹਾਕੀ ਦੇ ਸੱਤੀਂ ਅਸਮਾਨੀਂ ਜਾ ਟਿਕਾਏ।
ਸਾਬਕਾ ਹਾਕੀ ਓਲੰਪੀਅਨ ਸੰਦੀਪ ਸਿੰਘ
ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿਹੋਵਾ ਹਲਕੇ ਤੋਂ ਜਿੱਤ ਦਰਜ ਕਰਕੇ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾਈ ਹੈ। ਸੰਦੀਪ ਸਿੰਘ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ ਚੋਣ ਜਿੱਤਣ ਵਾਲੇ ਇਕੋ-ਇਕ ਸਿੱਖ ਚਿਹਰਾ ਹਨ। ਖਾਸ ਗੱਲ ਇਹ ਰਹੀ ਕਿ ਸੰਦੀਪ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਮੰਤਰਾਲੇ ਦੀ ਗੋਪਨੀਅਤਾ ਬਣਾਈ ਰੱਖਣ ਲਈ ਸਹੁੰ ਪੰਜਾਬੀ ਭਾਸ਼ਾ ’ਚ ਚੁੱਕੀ ਸੀ। ਵਿਸ਼ਵ ਹਾਕੀ ਦੇ ਗਲਿਆਰਿਆਂ ’ਚ ਸੰਦੀਪ ਸਿੰਘ ਨੇ ਚੰਗਾ ਨਾਮਣਾ ਖੱਟਿਆ ਹੈ। ਨਵੀਂ ਦਿੱਲੀ ’ਚ ਖੇਡੇ ਗਏ ਲੰਡਨ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ’ਚ 16 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਦੀ ਕੁਰਸੀ ਸਾਂਭਣ ਵਾਲੇ ਡਿਫੈਂਡਰ ਸੰਦੀਪ ਸਿੰਘ ਨੂੰ ਲੰਡਨ-2012 ਓਲੰਪਿਕ ਹਾਕੀ ਅਤੇ ਵਿਸ਼ਵ ਹਾਕੀ ਕੱਪ ਨਵੀਂ ਦਿੱਲੀ-2010 ਖੇਡਣ ਦਾ ਹੱਕ ਹਾਸਲ ਹੋਇਆ। 2014 ’ਚ ਯੂਕੇ ਦੇ ਹਾਵੈਂਟ ਹਾਕੀ ਕਲੱਬ ਵਲੋਂ ਇੰਗਲਿਸ਼ ਲੀਗ ਖੇਡਣ ਵਾਲੇ ਸਟਾਰ ਡਰੈਗ ਫਲਿੱਕਰ ਸੰਦੀਪ ਸਿੰਘ ਨੂੰ ਘਰੇਲੂ ਇੰਡੀਅਨ ਹਾਕੀ ਲੀਗ ਦੇ ਵੱਖ-ਵੱਖ ਅਡੀਸ਼ਨਾਂ ’ਚ ਮੁੰਬਈ ਮੈਜੀਸ਼ੀਅਨਜ਼, ਪੰਜਾਬ ਵਾਰੀਅਰਜ਼ ਅਤੇ ਰਾਂਚੀ ਰੋਅਜ਼ ਦੀ ਹਾਕੀ ਟੀਮਾਂ ਨਾਲ ਮੈਦਾਨ ’ਚ ਨਿੱਤਰਨ ਦਾ ਰੁਤਬਾ ਹਾਸਲ ਹੋਇਆ। ਪੈਨਲਟੀ ਕਾਰਨਰ ਲਾਉਣ ਸਮੇਂ 145 ਕਿਲੋਮੀਟਰ ਦੀ ਸਪੀਡ ਨਾਲ ਬਾਲ ਨੂੰ ਡਰੈਗ ਕਰਨ ਵਾਲੇ ਓਲੰਪੀਅਨ ਸੰਦੀਪ ਸਿੰਘ ਦਾ ਜਨਮ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ’ਚ ਫਰਵਰੀ-27, 1986 ’ਚ ਦਲਜੀਤ ਕੌਰ ਦੀ ਕੁੱਖੋਂ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸ਼ਿਵਾਲਿਕ ਸਕੂਲ ਮੁਹਾਲੀ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਸੰਦੀਪ ਸਿੰਘ ਦੇ ਖੇਡ ਕਰੀਅਰ ’ਤੇ ਫਿਲਮ ਸੂਰਮਾ ਬਣਾਈ ਗਈ, ਜਿਸ ’ਚ ਦਲਜੀਤ ਸਿੰਘ ਦੁਸਾਂਝ ਨੇ ਸੰਦੀਪ ਸਿੰਘ ਦਾ ਰੋਲ ਨਿਭਾਇਆ। ਸੂਰਮਾ ਫਿਲਮ ’ਚ ਦੂਜੇ ਪ੍ਰਸਿੱਧ ਸਟਾਰ ਕਲਾਕਾਰ ਤਾਪਸੀ ਪੰਨੂ ਅਤੇ ਅੰਗਦ ਸਿੰਘ ਬੇਦੀ ਹਨ। ਸਾਲ-2012 ’ਚ ਅਰਜੁਨਾ ਐਵਾਰਡ ਹਾਸਲ ਸੰਦੀਪ ਸਿੰਘ ਨੇ 2012 ’ਚ ਸੀਨੀਅਰ ਕੌਮੀ ਟੀਮ ’ਚ ਕਰੀਅਰ ਦਾ ਆਗਾਜ਼ ਕੀਤਾ।
2012 ’ਚ ਹਾਕੀ ਕਿੱਲੀ ’ਤੇ ਟੰਗਣ ਵਾਲੇ ਹਾਕੀ ਓਲੰਪੀਅਨ ਸੰਦੀਪ ਸਿੰਘ ਦਾ ਵੱਡੇ ਭਰਾ ਬਿਕਰਮਜੀਤ ਸਿੰਘ ਨੂੰ ਵੀ ਕੌਮਾਂਤਰੀ ਹਾਕੀ ਖੇਡਣ ਦਾ ਮਾਣ ਹਾਸਲ ਹੈ। ਹਰਿਆਣਾ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਿਆਣਾ ਸਰਕਾਰ ’ਚ ਯੂਥ ਅਫੇਅਰ ਐਂਡ ਸਪੋਰਟਸ ਵਿਭਾਗ ’ਚ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।
ਹਾਕੀ ਓਲੰਪੀਅਨ ਤੋਂ ਕੇਂਦਰੀ ਮੰਤਰੀ ਬਣਿਆ ਅਸਲਮ ਸ਼ੇਰ ਖਾਨ
ਮੈਦਾਨ ’ਚ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਓਲੰਪੀਅਨ ਅਸਲਮ ਸ਼ੇਰ ਖਾਨ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ’ਚ ਕੈਬਨਿਟ ਮੰਤਰੀ ਬਣਾਇਆ ਗਿਆ। ਅਸਲਮ ਸ਼ੇਰ ਨੇ ਮੱਧ ਪ੍ਰਦੇਸ਼ ਰਾਜ ਤੋਂ ਪੰਜ ਵਾਰ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਕੇ ਪਾਰਲੀਮੈਂਟ ਦੀ ਚੋਣ ਲੜੀ। 8ਵੀਂ ਲੋਕ ਸਭਾ ’ਚ ਅਸਲਮ ਸ਼ੇਰ ਖਾਨ ਪਹਿਲੀ ਵਾਰ ਬੈਤੂਲ ਪਾਰਲੀਮੈਂਟ ਹਲਕੇ ਤੋਂ ਸੰਸਦ ਮੈਂਬਰ ਬਣਨ ’ਚ ਸਫਲ ਹੋਏ। ਇਸੇ ਹਲਕੇ ਤੋਂ 9ਵੀਂ ਲੋਕ ਸਭਾ ਦੀ ਚੋਣ ਹਾਰਨ ਵਾਲੇ ਅਸਲਮ ਖਾਨ ਨੂੰ 10ਵੀਂ ਲੋਕ ਸਭਾ ਚੋਣਾਂ ’ਚ ਇਸੇ ਹਲਕੇ ਤੋਂ ਦੂਜੀ ਵਾਰ ਸਫਲਤਾ ਹਾਸਲ ਹੋਈ। ਬੈਤੂਲ ਪਾਰਲੀਮਾਨੀ ਹਲਕੇ ਤੋਂ ਦੂਜੀ ਵਾਰ ਚੋਣ ਜਿੱਤਣ ਸਦਕਾ ਅਸਲਮ ਸ਼ੇਰ ਖਾਨ ਨੂੰ 1991 ’ਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਅਸਲਮ ਸ਼ੇਰ ਭੂਪਾਲ ਅਤੇ ਸਾਗਰ ਤੋਂ 2004 ਅਤੇ 2009 ’ਚ ਲਗਾਤਾਰ ਦੋ ਵਾਰ ਪਾਰਲੀਮੈਂਟ ਦੀ ਚੋਣ ’ਚ ਸਫਲਤਾ ਹਾਸਲ ਨਾ ਕਰ ਸਕੇ। ਕੌਮਾਂਤਰੀ ਹਾਕੀ ’ਚ ਅਸਲਮ ਸ਼ੇਰ ਨੂੰ ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮਾਂਟੀਰੀਅਲ-1976 ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ।
ਓਲੰਪੀਅਨ ਤੋਂ ਬਾਅਦ ਫਰਾਂਸ ’ਚ ਮੰਤਰੀ ਬਣੀ ਲੌਰਾ ਫੈਸਲ
2017 ’ਚ ਫਰਾਂਸ ਦੇ ਪ੍ਰਧਾਨ ਮੰਤਰੀ ਐਡੌਰਡ ਫਿਲਪੀ ਨੇ ਆਪਣੇ ਮੰਤਰੀ ਮੰਡਲ ’ਚ ਪੰਜ ਓਲੰਪਿਕ ਟੂਰਨਾਮੈਂਟ ਖੇਡ ਚੁੱਕੀ ਮਹਿਲਾ ਖਿਡਾਰਨ ਲੌਰਾ ਫੈਸਲ ਕੋਲੋਵਿਕ ਨੂੰ ਖੇਡ ਮੰਤਰੀ ਬਣਾਇਆ। ਫਰਾਂਸ ’ਚ ਪਹਿਲੀ ਵਾਰ ਨਵੇਂ ਬਣੇ ਪ੍ਰਧਾਨ ਮੰਤਰੀ ਇਡੋਅਰਡ ਫਿਲਪੀ ਦੀ ਇਹ ਦੂਰਅੰਦੇਸ਼ੀ ਹੀ ਸੀ ਕਿ ਉਨ੍ਹਾਂ ਦੇਸ਼ ’ਚ ਖੇਡਾਂ ਨੂੰ ਨਵਾਂ ਰੂਪ ਦੇਣ ਲਈ ਕਿਸੇ ਸਾਬਕਾ ਓਲੰਪੀਅਨ ਅਥਲੀਟ ਨੂੰ ਸਪੋਰਟਸ ਮਨੀਸਟਰੀ ਦਾ ਆਜ਼ਾਦਾਨਾ ਚਾਰਜ ਸੌਂਪਿਆ ਸੀ ਪਰ ਕੁੱਝ ਨਿੱਜੀ ਕਾਰਨਾਂ ਕਰਕੇ ਲੌਰਾ ਫੈਸਲ ਨੇ 9 ਸਤੰਬਰ, 2018 ’ਚ ਮੰਤਰੀ ਦਾ ਅਹੁਦਾ ਤਿਆਗ ਦਿੱਤਾ। ਉਹ ਦੇਸ਼ ’ਚ ਪੁਰਸ਼ ਤੇ ਮਹਿਲਾ ਦੋਹਾਂ ਵਰਗਾਂ ’ਚ ਪਲੇਠੀ ਖਿਡਾਰਨ ਹੈ, ਜਿਸ ਨੂੰ ਪੰਜ ਓਲੰਪਿਕ ਮੁਕਾਬਲਿਆਂ ਐਟਲਾਂਟਾ-1996, ਸਿਡਨੀ-2000, ਏਥਨਜ਼-2004, ਬੀਜਿੰਗ-2008 ਅਤੇ ਲੰਡਨ-2012 ’ਚ ਫਰਾਂਸ ਦੀ ਨੁਮਾਇੰਦਗੀ ਕਰਨ ਦਾ ਹੱਕ ਹੋਇਆ। ਉਹ ਫਰਾਂਸ ਦੀ ਪਹਿਲੀ ਮਹਿਲਾ ਫੈਨਸਿੰਗ ਅਥਲੀਟ ਹੈ, ਜਿਸ ਨੂੰ ਪੰਜ ਓਲੰਪਿਕ ਟੂਰਨਾਮੈਂਟਾਂ ’ਚ ਦੋ ਗੋਲਡ, ਇਕ ਸਿਲਵਰ ਤੇ ਦੋ ਤਾਂਬੇ ਦੇ ਤਗਮੇ ਜਿੱਤਣ ਦਾ ਮਾਣ ਹਾਸਲ ਹੋਇਆ। ਉਸ ਨੇ 1995 ਤੋਂ 2008 ਤੱਕ 9 ਵਾਰ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਖੇਡਣ ਸਦਕਾ 6 ਗੋਲਡ, 3 ਸਿਲਵਰ ਤੇ 4 ਤਾਂਬੇ ਦਾ ਤਗਮੇ ਜਿੱਤਣ ਦਾ ਐਜਾਜ਼ ਹਾਸਲ ਹੋਇਆ।
‘ਆਪ’ ’ਚ ਆਇਆ ਭਲਵਾਨ ਕਰਤਾਰ ਸਿੰਘ
ਪਦਮਸ੍ਰੀ ਕਰਤਾਰ ਸਿੰਘ ਦਾ ਭਲਵਾਨੀ ਦੇ ਖੇਤਰ ’ਚ ਆਲਮੀ ਪੱਧਰ ’ਤੇ ਬਹੁਤ ਵੱਡਾ ਨਾਂ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ’ਚ ਜਨਮਿਆ ਪੰਜਾਬ ਦਾ ਇਹ ਹੋਣਹਾਰ ਭਲਵਾਨ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਭਾਰਤ ਦਾ ਇੱਕੋ-ਇੱਕ ਭਲਵਾਨ ਹੈ, ਜਿਸ ਨੇ ਏਸ਼ਿਆਈ ਖੇਡਾਂ ’ਚ ਫ੍ਰੀ ਸਟਾਈਲ ਕੁਸ਼ਤੀ ’ਚ ਦੋ ਗੋਲਡ ਮੈਡਲ ਜਿੱਤੇ। 1978, 1982 ਤੇ 1986 ਦੀਆਂ ਏਸ਼ਿਆਈ ਖੇਡਾਂ, 1978 ਤੇ 1982 ਦੀਆਂ ਕਾਮਨਵੈਲਥ ਖੇਡਾਂ ’ਚ ਤਮਗੇ ਹਾਸਲ ਕਰਨ ਤੋਂ ਇਲਾਵਾ ਉਸ ਨੇ ਕਈ ਵਾਰ ਵਰਲਡ ਚੈਂਪੀਅਨਸ਼ਿਪ ’ਚ ਵੀ ਸੋਨੇ ਦੇ ਮੈਡਲ ਜਿੱਤੇ। ਉਸ ਨੇ ਲੰਬਾ ਸਮਾਂ ਪੁਲਿਸ ਵਿਭਾਗ ਤੇ ਪੰਜਾਬ ਦੇ ਖੇਡ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਈਆਂ। ਉਸ ਨੂੰ ਅਰਜੁਨਾ ਐਵਾਰਡ ਤੇ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਰੈਸਿਗ ਐਸੋਸੀਏਸ਼ਨ ਦੇ ਪ੍ਰਧਾਨ ਤੇ ਰੈਸਿਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਵਜੋਂ ਵੀ ਉਸ ਨੇ ਖੇਡਾਂ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਇਆ। ਸਿਆਸਤ ਦੇ ਖੇਤਰ ’ਚ ਕਦਮ ਰੱਖਦਿਆਂ ਉਸ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਤਰਨਤਾਰਨ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਪਰ ਹਾਰ ਗਿਆ। ਇਸ ਸਮੇਂ ਵੀ ਉਹ ਪਾਰਟੀ ’ਚ ਕਈ ਜ਼ਿੰਮੇਵਾਰੀਆਂ ਸੰਭਾਲ ਰਿਹਾ ਹੈ।
‘ਆਪ’ ਦਾ ਅਹੁਦੇਦਾਰ ਬਣਿਆ ਸੁਰਿੰਦਰ ਸਿੰਘ ਸੋਢੀ
ਆਪਣੇ ਦਮਦਾਰ ਪ੍ਰਦਰਸ਼ਨ ਨਾਲ ਪੂਰੀ ਦੁਨੀਆ ’ਚ ਭਾਰਤ ਦੀ ਬੱਲੇ-ਬੱਲੇ ਕਰਵਾਉਣ ਵਾਲੇ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਦੇ ਨਾਂ ਤੋਂ ਬੱਚਾ-ਬੱਚਾ ਜਾਣੂ ਹੈ। 16 ਸਾਲਾਂ ਦੇ ਲੰਬੇ ਵਕਫ਼ੇ ਪਿੱਛੋਂ 1986 ’ਚ ਭਾਰਤ ਦੀ ਝੋਲੀ ਗੋਲਡ ਮੈਡਲ ਪਾਉਣ ਵਾਲੀ ਟੀਮ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਇਸ ਖਿਡਾਰੀ ਨੇ ਕਈ ਮੁਕਾਬਲਿਆਂ ’ਚ ਭਾਰਤ ਦੀ ਝੰਡੀ ਗੱਡੀ। ਕੁਝ ਸਮਾਂ ਪਹਿਲਾਂ ਉਸ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਉਹ ਇਸ ਸਮੇਂ ਪਾਰਟੀ ਦੀਆਂ ਕਈ ਜ਼ਿੰਮੇਵਾਰੀਆਂ ਸੰਭਾਲ ਰਿਹਾ ਹੈ।
ਬਾਸਕਟਬਾਲ ਦਾ ਕੌਮੀ ਖਿਡਾਰੀ ਸੱਜਣ ਸਿੰਘ ਚੀਮਾ
ਅਰਜੁਨ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿਹੇ ਵੱਕਾਰੀ ਸਨਮਾਨ ਹਾਸਲ ਕਰ ਚੁੱਕਿਆ ਸੱਜਣ ਸਿੰਘ ਚੀਮਾ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਰਿਹਾ। ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ’ਚ ਉਸ ਨੇ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪੰਜਾਬ ਪੁਲਿਸ ’ਚ ਐੱਸਪੀ ਤੇ ਡੀਸੀਪੀ ਟੈ੍ਰਫਿਕ ਵਜੋਂ ਤਾਇਨਾਤ ਰਿਹਾ ਇਹ ਖਿਡਾਰੀ ਸਮਾਜ ਸੇਵਾ ਦੇ ਖੇਤਰ ’ਚ ਵੀ ਸਰਗਰਮ ਰਹਿੰਦਾ ਹੈ। 2016 ’ਚ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਇਸ ਪਾਰਟੀ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਸੀ ਪਰ ਹਾਰ ਗਿਆ।