ਮੁੰਬਈ: ਮਹਾਰਾਸਟਰ ਦੇ ਮੁੱਖ ਮੰਤਰੀ ਅਹੁਦੇ ਤੋਂ ਦੇਵੇਂਦਰ ਫੜਨਵੀਸ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਐਨਸੀਪੀ ਤੋਂ ਬਾਗੀ ਨੇਤਾ ਅਜੀਤ ਪਵਾਰ ਨੇ ਵੀ ਉੱਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸੇ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਉਧਵ ਠਾਕਰੇ ਕੱਲ੍ਹ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਲੈ ਸਕਦੇ ਹਨ। ਐਨਸੀਪੀ ਦੇ ਜਯੰਤ ਪਾਟਿਲ ਤੇ ਕਾਂਗਰਸ ਦੇ ਬਾਲਾਸਾਹਿਬ ਥੋਰਾਟ ਉੱਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਠਾਕਰੇ ਨੂੰ ਅੱਜ ਸ਼ਾਮ ਗਠਬੰਧਨ ਦਾ ਨੇਤਾ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਖ਼ਬਰ ਹੈ ਕਿ ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਬੁਲ ਕੇ ਬਹੁਮਤ ਸਾਬਤ ਕਰਨ ਲਈ ਕਿਹਾ ਜਾ ਸਕਦਾ ਹੈ।
ਫੜਨਵੀਸ ਨੇ ਆਪਣੇ ਅਸਤੀਫੇ ਦਾ ਐਲਾਨ ਪ੍ਰੈੱਸ ਕਾਨਫਰੰਸ ‘ਚ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ ਵਿਧਾਨ ਸਭਾ ਚੋਣਾਂ ‘ਚ ਸ਼ਿਵ ਸੈਨਾ ਨਾਲ ਲੜੇ ਤੇ ਬੀਜੇਪੀ-ਸ਼ਿਵ ਸੈਨਾ ਨੂੰ ਬਹੁਮਤ ਮਿਲਿਆ। ਸਾਡਾ ਸਟਰਾਈਟ ਰੇਟ ਵਧਿਆ ਸੀ।” ਫੜਨਵੀਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਨੇ ਮੁੱਖ ਮੰਤਰੀ ਅਹੁਦੇ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜੋ ਤੈਅ ਹੋਇਆ ਸੀ, ਉਹ ਮੰਗ ਕੀਤੀ ਗਈ।
ਦੱਸ ਦਈਏ ਕਿ ਬੀਜੇਪੀ-ਸ਼ਿਵ ਸੈਨਾ ਦੋਵਾਂ ਨੇ ਇਕੱਠੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਸੀ। ਫੜਨਵੀਸ ਤੇ ਅਜੀਤ ਨੇ 23 ਨਵੰਬਰ ਨੂੰ ਸਵੇਰੇ ਸਾਡੇ ਸੱਤ ਵਜੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਹੁੰ ਦਵਾਈ ਸੀ। ਰਾਜਪਾਲ ਨੇ ਫੈਸਲੇ ਨੂੰ ਸ਼ਿਵ ਸੈਨਾ-ਕਾਂਗਰਸ ਤੇ ਐਨਸੀਪੀ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।