ਸਿਡਨੀ: ਆਸਟ੍ਰੇਲੀਆ ‘ਚ ਦਸੰਬਰ ਤੋਂ ਫਰਵਰੀ ਦੌਰਾਨ ਭਿਆਨਕ ਗਰਮੀ ਕਰਕੇ ਨਦੀਆਂ ਦਾ ਜਲ ਪੱਧਰ ਖ਼ਤਰਨਾਕ ਢੰਗ ਨਾਲ ਡਿੱਗਦਾ ਜਾ ਰਿਹਾ ਹੈ। ਸਿਡਨੀ ‘ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਾਣੀ ਦੇ ਸ੍ਰੋਤ 1940 ਤੋਂ ਬਾਅਦ ਹੁਣ ਆਪਣੇ ਘੱਟੋ ਘੱਟ ਪੱਧਰ ‘ਤੇ ਪਹੁੰਚੇ ਹਨ। ਹਾਲਾਤ ‘ਤੇ ਕਾਬੂ ਪਾਉਣ ਲਈ ਨਿਊ ਸਾਊਥ ਵੇਲਸ ਪ੍ਰਸਾਸ਼ਨ ਨੂੰ ਇੱਕ ਵਾਰ ਤੋਂ ਸਖ਼ਤ ਨਿਯਮ ਲਾਗੂ ਕਰਨੇ ਪਏ ਹਨ।
ਪ੍ਰਸਾਸ਼ਨ ਨੇ ਜੋ ਨਿਯਮ ਤੈਅ ਕੀਤੇ ਹਨ, ਉਨ੍ਹਾਂ ਮੁਤਾਬਕ ਪਾਣੀ ਦੀ ਟੂਟੀ ਨੂੰ ਖੁੱਲ੍ਹਾ ਛੱਡਣਾ ਹੁਣ ਜੁਰਮ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਬਗੀਚੇ ‘ਚ ਪਾਣੀ ਦੇਣ ਲਈ ਸਪ੍ਰਿੰਕਲ ਸਿਸਟਮ ਦਾ ਇਸਤੇਮਾਲ ਕੀਤਾ ਤਾਂ ਉਸ ਦਾ ਜ਼ੁਰਮਾਨਾ ਭਰਨਾ ਪਵੇਗਾ।
ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਪਾਣੀ ਬਰਬਾਦ ਕੀਤਾ ਤਾਂ ਉਸ ‘ਤੇ 10,613 ਰੁਪਏ ਦਾ ਤੇ ਸੰਸਥਾਨ ‘ਤੇ 26,532 ਰੁਪਏ ਦਾ ਜ਼ੁਰਮਾਨਾ ਹੋਵੇਗਾ। ਇਹ ਨਿਯਮ ਅਗਲੇ ਹਫਤੇ ਤਕ ਲਾਗੂ ਰਹਿਣਗੇ। ਇਸ ਤੋਂ ਪਹਿਲਾਂ ਨਿਊ ਸਾਉਥ ਵੇਲਸ ‘ਚ ਪ੍ਰਸਾਸ਼ਨ ਨੇ 2009 ‘ਚ ਬੈਨ ਲਾਇਆ ਸੀ। ਸਿਡਨੀ ਦੇ ਕਈ ਇਲਾਕਿਆਂ ‘ਚ ਕਈ ਦਹਾਕਿਆਂ ਬਾਅਦ ਅਜੇ ਵੀ ਇਹ ਨਿਯਮ ਲਾਗੂ ਹਨ।