ਨਵੀਂ ਦਿੱਲੀ: ਕਸ਼ਮੀਰ ਮੁੱਦੇ ‘ਤੇ ਚੁਫੇਰਿਓਂ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਲਗਾਤਾਰ ਜੰਗ ਦੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਮਾਣੂ ਸ਼ਕਤੀ ਪ੍ਰਧਾਨ ਦੇਸ਼ਾਂ ‘ਚ ਜੰਗ ਹੁੰਦੀ ਹੈ ਤਾਂ ਇਹ ਸਿਰਫ ਦੋ ਦੇਸ਼ਾਂ ਤਕ ਸੀਮਤ ਨਹੀਂ ਰਹੇਗੀ। ਇਸ ਦਾ ਪੂਰੇ ਖੇਤਰ ‘ਚ ਖ਼ਤਰਨਾਕ ਨਤੀਜੇ ਹੋ ਸਕਦੇ ਹਨ।
ਇਸਲਾਮਿਕ ਸੁਸਾਈਟੀ ਆਫ਼ ਅਮਰੀਕਾ ਨੂੰ ਵੀਡੀਓ ਕਾਲ ਰਾਹੀਂ ਸੰਬੋਧਨ ਕਰਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਆਲਮੀ ਨੇਤਾਵਾਂ ਨੂੰ ਜਾਣੂ ਕਰਵਾਇਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜ ਅਗਸਤ ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਹਿੱਸਿਆਂ ‘ਚ ਵੰਡ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਇਮਾਰਨ ਖ਼ਾਨ ਲਗਾਤਾਰ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨਾ ਚਾਹੁੰਦੇ ਹਨ। ਉਸ ਨੂੰ ਲਗਾਤਾਰ ਝਟਕੇ ਹੀ ਮਿਲ ਰਹੇ ਹਨ।
ਇਮਰਾਨ ਨੇ ਇਹ ਵੀ ਕਿਹਾ ਕਿ ਭਾਰਤ, ਜੰਮੂ-ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਦੁਨੀਆ ਦਾ ਧਿਆਨ ਹਟਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਭਾਰਤ ‘ਚ ਕੁਝ ਲੋਕ ਅਜੇ ਵੀ ਨਹਿਰੂ ਤੇ ਗਾਂਧੀ ਵਿਚਾਰਧਾਰਾ ‘ਤੇ ਭਰੋਸਾ ਰੱਖਦੇ ਹਨ, ਪਰ ਮੋਦੀ ਨੇ ਪੀਐਮ ਬਣਨ ਤੋਂ ਬਾਅਦ ਹਾਲਾਤ ਬਦਲੇ ਹਨ। ਮੈਨੂੰ ਉਮੀਦ ਹੈ ਕਿ ਅੰਤਰਾਸ਼ਟਰੀ ਸੰਗਠਨ ਕਸ਼ਮੀਰ ਨੂੰ ਲੈ ਕੇ ਆਪਣੀ ਭੂਮਿਕਾ ਨਿਭਾਉਣਗੇ।