ਸਾਰਾ ਦਿਨ ਕੰਮ ਕਰਨ ਤੋਂ ਬਾਅਦ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਹੈ ਕਿ ਘਰ ਜਾਈਏ ਤੇ ਰਾਤ ਨੂੰ ਚੈਨ ਦੀ ਨੀਂਦ ਸੌਂਈਏ। ਵਧੀਆ ਨੀਂਦ ਨਿਰੋਈ ਸਿਹਤ ਦੀ ਨਿਸ਼ਾਨੀ ਹੁੰਦੀ ਹੈ ਪਰ ਕਈ ਲੋਕਾਂ ਦੀ ਨੀਂਦ ਬਿਸਤਰੇ ‘ਤੇ ਜਾ ਕੇ ਉੱਡ ਜਾਂਦੀ ਹੈ ਤੇ ਉਹ ਸਾਰੀ ਰਾਤ ਜਾਗਦੇ ਰਹਿੰਦੇ ਹਨ, ਜਿਸ ਕਾਰਨ ਉਹ ਸਾਰਾ ਦਿਨ ਥਕਾਵਟ ਤੇ ਸੁਸਤੀ ਮਹਿਸੂਸ ਕਰਦੇ ਹਨ। ਕੁਝ ਕੁ ਲੋਕ ਵਧੀਆ ਨੀਂਦ ਲਈ ਰਾਤ ਨੂੰ ਦਵਾਈਆਂ ਖਾਂਦੇ ਹਨ ਪਰ ਕੁਝ ਛੋਟੇ-ਛੋਟੇ ਉਪਾਅ ਕਰ ਕੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਾਫ਼-ਸੁਥਰਾ ਬਿਸਤਰਾ : ਘਰ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਪਰ ਬਿਸਤਰਾ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ। ਕਮਰੇ ‘ਚ ਗੰਦਗੀ ਹੋਣ ਨਾਲ ਵੀ ਨੀਂਦ ਨਹੀਂ ਆਉਂਦੀ। ਕਮਰੇ ‘ਚ ਆਪਣੀ ਪਸੰਦ ਦੀ ਚਾਦਰ, ਸ਼ੋਅ-ਪੀਸ ਅਤੇ ਲੈਂਪ ਰੱਖੋ। ਇਸ ਨਾਲ ਕਮਰੇ ਦਾ ਮਾਹੌਲ ਵਧੀਆ ਹੋਵੇਗਾ ਤੇ ਨੀਂਦ ਵੀ ਵਧੀਆ ਆਵੇਗੀ।