ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਨਾਲ ਡਾਕਟਰਾਂ ਦੀ ਨਾਰਾਜ਼ਗੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਦੀ ਕਾਰਵਾਈ ਤੋਂ ਨਾਰਾਜ਼ ਖਰਡ਼ ਸਿਵਲ ਹਸਪਤਾਲ ਦੀ ਐਸਐਮਓ ਡਾ. ਮਨਿੰਦਰ ਕੌਰ ਨੇ ਵੀ ਅੱਜ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ ਜੋ ਬਤੌਰ ਐਮਐਮਓ ਖਰਡ਼ ਸੇਵਾ ਨਿਭਾ ਰਹੀ ਸੀ। ਪਿਛਲੇ ਦਿਨੀਂ ਸਿਹਤ ਮੰਤਰੀ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਨੂੰ ਲੈ ਕੇ ਛਾਡ਼ਝੰਬ ਕੀਤੀ ਤੇ ਉਨ੍ਹਾਂ ਦੀ ਬਦਲੀ ਕਰ ਦਿੱਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ।
ਡਾ: ਮਨਿੰਦਰ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦੀ ਪਤਨੀ ਹੈ। ਉਨ੍ਹਾਂ ਦੇ ਪਤੀ ਡਾ: ਮਨੋਹਰ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਉਹ ਬੱਸੀ ਪਠਾਣਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਲਈ ਮੈਦਾਨ ‘ਚ ਉਤਰੇ ਸਨ। ਹਾਲਾਂਕਿ ਉਹ ਚੋਣ ਹਾਰ ਗਏ ਸਨ।
ਦੱਸ ਦੇਈਏ ਕਿ 20 ਜੁਲਾਈ ਨੂੰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖਰੜ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਸਿਹਤ ਮੰਤਰੀ ਦੇ ਨਾਲ ਖਰੜ ਦੇ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਸਿਹਤ ਮੰਤਰੀ ਨੇ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਪਖਾਨਿਆਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਕਰਨ ਲਈ ਐਸਐਮਓ ਨੂੰ ਤਾੜਨਾ ਵੀ ਕੀਤੀ ਸੀ, ਜਿਸ ਮਗਰੋਂ ਸੀਐਮਓ ਡਾ: ਮਨਿੰਦਰ ਕੌਰ ਨੂੰ ਖਰੜ ਦੇ ਸਿਵਲ ਹਸਪਤਾਲ ਤੋਂ ਬਰਨਾਲਾ ਦੇ ਧਨੌਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਡਾ: ਮਨਿੰਦਰ ਕੌਰ ਵੱਲੋਂ ਐਸ.ਐਮ.ਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਨਿੱਜੀ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ। ਡਾ: ਮਨਿੰਦਰ ਕੌਰ ਨੇ 22 ਸਾਲ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਅਸਤੀਫਾ ਦੇਣ ਤੋਂ ਬਾਅਦ, ਉਹ ਤਿੰਨ ਮਹੀਨਿਆਂ ਲਈ ਨੋਟਿਸ ਪੀਰੀਅਡ ‘ਤੇ ਰਹੇਗੀ। ਸਿਹਤ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਖਰੜ ਦੇ ਸਿਵਲ ਹਸਪਤਾਲ ਵਿੱਚ ਕੀਤੀ ਗਈ ਚੈਕਿੰਗ ਬਾਰੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੱਸ ਦੇਈਏ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਰਾਜ ਬਹਾਦਰ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਘਟਨਾ ਤੋਂ ਬਾਅਦ ਡਾਕਟਰਾਂ ਵਿੱਚ ਭਾਰੀ ਰੋਸ ਹੈ। ਪੀਜੀਆਈ ਚੰਡੀਗੜ੍ਹ ਤੋਂ ਪੰਜਾਬ ਦੇ ਹਸਪਤਾਲਾਂ ਵਿੱਚ ਡਾਕਟਰ ਸਿਹਤ ਮੰਤਰੀ ਦਾ ਵਿਰੋਧ ਕਰ ਰਹੇ ਹਨ। ਕਈ ਡਾਕਟਰਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ।