ਅਮਰੀਕਾ ‘ਚ ਸਿੱਖਾਂ ਖ਼ਿਲਾਫ਼ ਜ਼ੁਲਮ ਵਧਣ ‘ਤੇ ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਇੰਡਿਆਨਾਪੋਲਿਸ ਦੀ ਘਟਨਾ ਦੀ ਭਾਰਤ ‘ਚ ਰਹਿਣ ਵਾਲੇ ਸਿੱਖਾਂ ਤੇ ਪ੍ਰਵਾਸੀਆਂ ਦੋਵਾਂ ‘ਚ ਗੂੰਜ ਸੁਣਾਈ ਦੇ ਰਹੀ ਹੈ। ਇਸ ਘਟਨਾ ‘ਚ ਚਾਰ ਸਿੱਖਾਂ ਸਮੇਤ 8 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕਿਹਾ, ਉਹ ਭਾਰਤੀ ਸੰਸਦ ‘ਚ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਇਹ ਖੇਤਰ ਪੰਜਾਬ ‘ਚ ਹੈ ਤੇ ਇਹ ਸਿੱਖਾਂ ਦਾ ਕੁਦਰਤੀ ਤੇ ਆਧਾਤਾਮਿਕ ਦੋਵੇ ਤਰ੍ਹਾਂ ਦਾ ਘਰ ਹੈ। ਇੱਥੇ ਦੇ ਲੱਖਾਂ ਸਿੱਖ ਵਿਸ਼ਵ ਦੇ ਤਮਾਮ ਦੇਸ਼ਾਂ ‘ਚ ਰਹਿੰਦੇ ਹਨ। ਭਾਰਤ ਦੇ ਸਿੱਖਾਂ ਤੇ ਅਮਰੀਕਾ ਦੇ ਪਰਵਾਸੀਆਂ ‘ਤੇ ਡੂੰਘਾ ਪ੍ਰਭਾਵ ਪੈਣ ਦੇ ਨਾਲ ਹੀ ਘਟਨਾ ਤੋਂ ਵਿਅਕਤੀਗਤ ਰੂਪ ਨਾਲ ਮੈਨੂੰ ਵੀ ਠੇਸ ਪਹੁੰਚੀ ਹੈ।
ਕਾਂਗਰਸ ਆਗੂ ਨੇ ਪੱਤਰ ‘ਚ ਅਗਸਤ 2012 ਦੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ, ਜਿਸ ‘ਚ ਵਿਸਕਾਨਸਿਨ ਸੂਬੇ ‘ਚ ਓਕ ਕ੍ਰੀਕ ਗੁਰਦੁਆਰੇ ‘ਚ ਸੱਤ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਬੇਨਤੀ ਕੀਤੀ ਹੈ ਕਿ ਉਹ ਆਪਣੇ ਸਾਰੇ ਗਵਰਨਰਾਂ ਤੇ ਮੇਅਰਾਂ ਨੂੰ ਸਿੱਖਾਂ ਦੀ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦੇਣ।