ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਈ .ਕੰਟੈਂਟ ਇੱਕ ਸ਼ਲਾਘਾਯੋਗ ਕਦਮ
ਸਮੇਂ ਦੇ ਨਾਲ ਨਾਲ ਬਦਲਣਾ ਇਨਸਾਨ ਦੀ ਫਿਤਰਤ ਵੀ ਹੈ ਅਤੇ ਸਮੇਂ ਦੀ ਮੰਗ ਵੀ ਹੈ । ਜੇ ਤੁਸੀਂ ਸਮੇਂ ਦੇ ਹਾਣੀ ਨਹੀ ਬਣੋਗੇ ਤਾਂ ਜਮਾਨੇ ਦੀ ਰਫਤਾਰ ਨਾਲੋਂ ਕੋਹਾ ਦੂਰ ਪਿੱਛੇ ਰਹਿ ਜਾਓਗੇ ।ਸਮੇਂ ਦੇ ਨਾਲ ਨਾਲ ਹਰੇਕ ਤਕਨੀਕ ,ਹਰੇਕ ਵਸਤੂ ਦਾ ਬਦਲਣਾ ਸੁਭਾਵਿਕ ਗੱਲ ਹੈ ।ਖਾਸ ਕਰ ਅੱਜ ਦੇ ਤਕਨੀਕੀ ਯੁੱਗ ਵਿੱਚ ।ਅੱਜ ਦੇ ਤਕਨੀਕੀ ਯੁੱਗ ਚ ਹਰੇਕ ਲਈ ਆਪਣੇ ਆਪ ਨੂੰ ਦੁਨੀਆਂ ਅਨੁਸਾਰ ਢਲਣ ਦੀ ਬਹੁਤ ਜਰੂਰਤ ਹੋ ਗਈ ਹੈ ।
ਅੱਜ ਗੱਲ ਕਰਾਂਗੇ ਸਿੱਖਿਆ ਵਿਭਾਗ ਵਿੱਚ ਸਮੇਂ ਦੇ ਨਾਲ ਬਦਲ ਰਹੀਆਂ ਤਕਨੀਕਾਂ ਦੀ । ਕੋਈ ਸਮਾਂ ਹੁੰਦਾ ਸੀ ਕੁ ਜਦੋਂ ਸਕੂਲਾਂ ਵਿੱਚ ਫੱਟੀ ਅਤੇ ਸਲੇਟ ਦਾ ਬੋਲਬਾਲਾ ਹੁੰਦਾ ਸੀ ।ਬੱਚਿਆਂ ਕੋਲ ਇੱਕ ਫੱਟੀ ,ਫੱਟੀ ਪੋਚਣ ਵਾਲੀ ਗਾਚਣੀ ਅਤੇ ਫੱਟੀ ਉੱਤੇ ਲਿਖਣ ਲਈ ਕਾਲੀ ਸ਼ਿਆਹੀ ਦੀ ਦਵਾਤ ਹੁੰਦੀ ਸੀ । ਕੁਝ ਬੱਚੇ ਘਰੋਂ ਫੱਟੀ ਪੋਚ ਕੇ ਲੈ ਆਉਂਦੇ ਅਤੇ ਕੁਝ ਸਕੂਲ ਆ ਕੇ ਪੋਚਦੇ । ਸਕੂਲੇ ਫੱਟੀ ਪੋਚਣ ਤੋਂ ਬਾਅਦ ਬੱਚੇ ਫੱਟੀ ਸੁਕਾਉਣ ਲਈ ਸੂਰਜ ਕੋਲ ਅਕਸਰ ਹੀ ਫਰਿਆਦ ਕਰਦੇ ਸਨ …
ਸੂਰਜਾ ਸੂਰਜਾ ਫੱਟੀ ਸੁਕਾ
ਨਈਂ ਸੁਕਾਉਣੀ ,ਗੰਗੇ ਜਾ
ਮਾਸਟਰ ਬੱਚਿਆਂ ਨੂੰ ਫੱਟੀ ਉੱਪਰ ਪੂਰਨੇ ਪਾ ਦਿੰਦੇ ਅਤੇ ਬੱਚੇ ਉਹਨਾਂ ਪੂਰਨਿਆਂ ਉੱਪਰ ਸ਼ਿਆਹੀ ਨਾਲ ਲਿਖਦੇ ।ਇਸ ਨਾਲ ਬੱਚਿਆਂ ਦੀ ਲਿਖਾਈ ਵੀ ਬਹੁਤ ਸੋਹਣੀ ਹੋ ਜਾਂਦੀ ਸੀ ।ਬੱਚੇ ਅਕਸਰ ਸ਼ਿਆਹੀ ਦੇ ਟੋਬੇ ਅਤੇ ਸਲੇਟੀ ਤੋਂ ਲੜ ਪੈਂਦੇ ਸਨ।ਮਾਸਟਰ ਕੋਲ ਅਕਸਰ ਹੀ ਸ਼ਿਕਾਇਤਾਂ ਆਉਂਦੀਆਂ ਸਨ ਕਿ ਮਾਸਟਰ ਜੀ ਮੰਗੂ ਨੇ ਮੇਰਾ ਟੋਬਾ ਚੋਰੀ ਕਰਲਿਆ। ਪਹਿਲੀ ਜਮਾਤ ਲਈ ਬਸਤੇ ਵਿੱਚ ਇੱਕ ਕੈਦਾ ਹੁੰਦਾ ਸੀ।ਵੱਡੀਆ ਜਮਾਤਾਂ ਲਈ ਸਵਾਲ ਆਦਿ ਕੱਢਣ ਲਈ ਸਲੇਟ ਹੁੰਦੀ ਸੀ ।ਬੱਚੇ ਸਲੇਟ ਤੇ ਸਵਾਲ ,ਗਿਣਤੀ ,ਪਹਾੜੇ ਆਦਿ ਲਿਖਦੇ ਸਨ । ਫੱਟੀ ਬਸਤੇ ਵਾਲਾ ਇਹ ਦੌਰ ਬੜੀ ਦੇਰ ਤੱਕ ਚੱਲਦਾ ਰਿਹਾ। ਹੌਲੀ ਹੌਲੀ ਪ੍ਰਾਈਵੇਟ ਸਕੂਲਾਂ ਵਿੱਚ ਕਾਪੀਆਂ ,ਪੈਨਸਿਲਾਂ ਨੇ ਆਪਣਾ ਪਸਾਰਾ ਕੀਤਾ ।ਸਰਕਾਰੀ ਸਕੂਲਾਂ ਦੇ ਬੱਚਿਆਂ ਤੇ ਵੀ ਇਸਦਾ ਅਸਰ ਹੋਣਾ ਲਾਜਮੀ ਸੀ ।ਜਦੋਂ ਕਿਸੇ ਆਂਢ ਗੁਆਂਢ ਦੇ ਬੱਚੇ ਜੋ ਕਿ ਪ੍ਰਾਈਵੇਟ ਸਕੂਲ ਵਿੱਚ ਪੜਦੇ ਸਨ ,ਜਦੋਂ ਉਹਨਾਂ ਨੂੰ ਕਾਪੀ ਅਤੇ ਪੈਨਸਿਲ ਨਾਲ ਕੰਮ ਕਰ ਕਰਦੇ ਸਰਕਾਰੀ ਸਕੂਲ ਦੇ ਬੱਚੇ ਦੇਖਦੇ ਤਾਂ ਉਹ ਘਰ ਆ ਕੇ ਮਾਪਿਆਂ ਕੋਲੋ ਕਾਪੀ ਅਤੇ ਪੈਨਸਿਲ ਦੀ ਮੰਗ ਦੀ ਜਿੱਦ ਕਰਦੇ।ਬੱਚਿਆਂ ਦੀ ਇਹ ਜਿੱਦ ਮਾਪਿਆਂ ਨੂੰ ਪੂਰੀ ਕਰਨੀ ਪੈਂਦੀ ।
ਬੱਚਿਆਂ ਦੀ ਇਸ ਜਿੱਦ ਸਦਕਾ ਕਾਪੀ ਪੈਨਸਲ ਨੇ ਫੱਟੀ ਅਤੇ ਸਲੇਟ ਨੂੰ ਲਾਂਭੇ ਕਰਦੇ ਹੋਏ ਸਰਕਾਰੀ ਸਕੂਲਾਂ ਵਿੱਚ ਆਪਣੀ ਜਗ੍ਹਾ ਬਣਾਈ ।ਹੁਣ ਬੱਚੇ ਫੱਟੀਆਂ ,ਸਲੇਟਾਂ ਛੱਡ ਕੇ ਚਾਈਂ ਚਾਈਂ ਕਾਪੀਆਂ ਤੇ ਕੰਮ ਕਰਨ ਲੱਗੇ ।ਪਰ ਇਸਦਾ ਗਰੀਬ ਪਰਿਵਾਰਾਂ ਉੱਪਰ ਬਹੁਤ ਅਸਰ ਪਿਆ ।ਕਾਪੀਆਂ ਦੀ ਲਗਾਤਾਰ ਵੱਧ ਰਹੀ ਮੰਗ ਨੇ ਕਾਪੀ ਮਹਿੰਗੀ ਕਰਤੀ ਅਤੇ ਪੇਜ ਘੱਟ ਕਰ ਦਿੱਤੇ ।ਪੇਜ ਥੋੜ੍ਹੇ ਹੋਣ ਕਾਰਨ ਕਾਪੀ ਜਲਦੀ ਖਤਮ ਹੋਣ ਲੱਗੀ ।ਬੱਚਿਆਂ ਦੇ ਮਾਪਿਆਂ ਤੇ ਮਹਿਗਾਈ ਦਾ ਬੋਝ ਵਧਣ ਲੱਗਾ ।ਕਾਪੀਆਂ ,ਪੈਨਸਿਲਾਂ ਵਾਲਾ ਇਹ ਦੌਰ ਐਨਾ ਪਾਪਲਰ ਹੋਇਆ ਕਿ ਜੋ ਅੱਜ ਵੀ ਜਾਰੀ ਹੈ।ਅਧਿਆਪਕਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਫੱਟੀਆਂ ਅਤੇ ਸਲੇਟਾਂ , ਕਾਪੀਆਂ ਅਤੇ ਪੈਨਸਿਲਾਂ ਦੀ ਦੁਬਾਰਾ ਥਾਂ ਨਈਂ ਲੈ ਸਕੀਆਂ ।
ਫੱਟੀਆਂ ਵਾਲੇ ਗੀਤ ਵੀ ਸਮੇਂ ਨਾਲ ਤਬਦੀਲ ਹੋ ਗਏ । ਹੁਣ ਬੱਚੇ ਇਹ ਗੀਤ ਗਾਉਂਦੇ ਨੇ ..
ਮੇਰੀ ਕਾਪੀ ਉੱਤੇ ਮੋਰ
ਜਿਹੜਾ ਚੁੱਕੇ ਉਹੀ ਚੋਰ
ਕਾਪੀਆਂ ਦੇ ਇਸ ਦੌਰ ਦੇ ਨਾਲ ਨਾਲ ਕੰਪਿਊਟਰ ਦਾ ਦੌਰ ਸ਼ੁਰੂ ਹੋਇਆ।ਸਰਕਾਰ ਨੇ ਸਕੂਲਾਂ ਵਿੱਚ ਇੱਕ ਹੋਰ ਨਵੀਂ ਤਕਨੀਕ ਲਿਆਂਦੀ
ਕੰਪਿਊਟਰ ਬੱਚਿਆਂ ਨੂੰ ਉਚੇਰੀ ਸਿਖਿਆ ਦੇਣ ਲਈ ਸਕੂਲਾਂ ਵਿੱਚ ਕੰਪਿਊਟਰ ਮੁਹੱਈਆ ਕਰਵਾਏ ਗਏ ।ਬੱਚੇ ਕੰਪਿਊਟਰ ਦੇ ਇਸ ਯੁੱਗ ਵਿੱਚ ਦੁਨੀਆ ਨਾਲ ਜੁੜਨ ਲੱਗੇ ।ਹੌਲੀ ਹੌਲੀ ਪ੍ਰਾਇਮਰੀ ਪੱਧਰ ਤੇ ਵੀ ਇਸਦੀ ਲੋੜ ਪਈ । ਸਿੱਖਿਆ ਸਕੱਤਰ ਕ੍ਰਸ਼ਿਨ ਕੁਮਾਰ ਨੇ ਜਦੋਂ ਦਾ ਅਹੁਦਾ ਸੰਭਾਲਿਆ ਹੈ ਬੱਚਿਆਂ ਦੇ ਤਾਂ ਵਾਰੇ ਨਿਆਰੇ ਹੋ ਗਏ ਹਨ ।ਪਹਿਲਾਂ ਅਧਿਆਪਕਾਂ ਦੀ ਘਾਟ ਪੂਰਾ ਕੀਤੀ ਗਈ ।ਫਿਰ ਸਮਾਰਟ ਸਕੂਲ ਬਣਾਏ ਗਏ ।ਸਭ ਚੀਜਾਂ ਦੀ ਘਾਟ ਪੂਰੀ ਹੋਣ ਤੋਂ ਬਾਅਦ ਸਕੂਲਾਂ ਵਿੱਚ ਐਲ.ਈ.ਡੀਜ ਲਗਵਾਈਆਂ ਗਈਆਂ।ਇਸ ਤਰਾਂ ਇੱਕ ਹੋਰ ਨਵੀਂ ਤਕਨੀਕ ਦਾ ਦੌਰ ਸ਼ੁਰੂ ਹੋ ਗਿਆ।
ਸਿੱਖਿਆ ਮਾਹਿਰਾਂ ਦੁਆਰਾ ਸੂਬੇ ਭਰ ਵਿੱਚ ਇੱਕ ਨਵੀਂ ਤਕਨੀਕ ਦਾ ਆਗਾਜ ਹੋਇਆ, ਜਿਸ ਦਾ ਨਾਮ ਹੈ ਈ.ਕੰਟੈਂਟ (E.Content) ਸਮੇਂ ਦੀ ਮੰਗ ਵੀ ਸੀ ।ਇਸ ਵਿੱਚ ਬੱਚਿਆਂ ਦੇ ਲੈਵਲ ਅਨੁਸਾਰ ਸਾਰੇ ਪਾਠਾਂ ਨੂੰ ਤਸਵੀਰਾਂ ਸਹਿਤ ਨਾਲ ਨਾਲ ਬੋਲਕੇ ਸਿਲੇਬਸ ਤਿਆਰ ਕੀਤਾ ਗਿਆ।ਹੁਣ ਤੱਕ ਪ੍ਰੀ -ਪ੍ਰਾਇਮਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦਾ ਸਾਰਾ ਸਿਲੇਬਸ ਈ .ਕੰਟੈਂਟ ਤੇ ਅਪਲੋਡ ਕੀਤਾ ਗਿਆ ਹੈ ।
ਈ.ਕੰਟੈਂਟ ਰਾਹੀਂ ਬੱਚੇ ਬੜੇ ਦਿਲਚਸਪੀ ਢੰਗ ਨਾਲ ਪਾਠ ਨੂੰ ਸਿੱਖਦੇ ਹਨ। ਐਲ.ਈ.ਡੀ ਉੱਪਰ ਜਦੋਂ ਨਿੱਕੇ ਨਿੱਕੇ ਬੱਚੇ ਚੱਲਦੀਆਂ ਫਿਰਦੀਆਂ ਅਤੇ ਬੋਲਦੀਆਂ ਤਸਵੀਰਾਂ ਦੇਖਦੇ ਹਨ ਤਾਂ ਉਹ ਖੁਸ਼ੀ ਖੁਸ਼ੀ ਸਿੱਖਦੇ ਹਨ।ਇਸ ਤਕਨੀਕ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਇਹ ਹੈ ਕਿ ਮਾਪੇ ਘਰ ਬੈਠ ਕੇ ਵੀ ਮੋਬਾਈਲ ਰਾਹੀਂ ਬੱਚਿਆਂ ਨੂੰ ਈ .ਕੰਟੈਂਟ ਤੋਂ ਪੜਾ ਸਕਦੇ ਹਨ ।ਹਰੇਕ ਪਾਠ ਨੂੰ ਬੜੇ ਵਿਸਥਾਰ ਨਾਲ ਤਿਆਰ ਕੀਤਾ ਗਿਆ ਹੈ।ਬੱਚਿਆਂ ਦੀ ਰੁਚੀ ਅਨੁਸਾਰ ਇਸ ਵਿੱਚ ਗਤੀਵਿਧੀਆਂ ਕਰਵਾਈਆਂ ਗਈਆਂ ਹਨ ।ਪ੍ਰੀ -ਪ੍ਰਾਇਮਰੀ ਲਈ ਬਣਾਈਆਂ ਗਈਆਂ ਪੰਜਾਬੀ ਅਤੇ ਅੰਗਰੇਜੀ ਦੀਆਂ ਕਵਿਤਾਵਾਂ ਬਹੁਤ ਰੌਚਿਕਤਾ ਪੈਦਾ ਕਰਦੀਆਂ ਹਨ ।ਬੱਚੇ ਦੇਖਦੇ ਦੇਖਦੇ ਐਕਸ਼ਨਾਂ ਰਾਹੀਂ ਕਵਿਤਾਵਾਂ ਸਿੱਖ ਜਾਂਦੇ ਹਨ।
ਬੱਚਿਆਂ ਲਈ ਗਣਿਤ ,ਪੰਜਾਬੀ ,ਵਾਤਾਵਰਣ,ਹਿੰਦੀ ,ਅੰਗਰੇਜੀ ਆਦਿ ਬਾਰੇ ਈ ਕੰਟੈਂਟ ਰਾਹੀਂ ਸਿਲੇਬਸ ਤਿਆਰ ਕੀਤਾ ਹੈ।ਵੱਡੀਆਂ ਜਮਾਤਾਂ ਦੇ ਬੱਚੇ ਟੈਬ ਅਤੇ ਮੋਬਾਇਲ ਰਾਹੀਂ ਘਰ ਬੈਠਕੇ ਵੀ ਪੜ ਸਕਦੇ ਹਨ।ਜਲਦੀ ਹੀ ਗਿਆਰਵੀਂ ਅਤੇ ਬਾਹਰਵੀਂ ਦਾ ਸਿਲੇਬਸ ਵੀ ਅਪਲੋਡ ਹੋ ਰਿਹਾ ਹੈ।ਇਸ ਨਾਲ ਸਮੇਂ ਦੀ ਵੀ ਕਾਫੀ ਬੱਚਤ ਹੋਈ ਹੈ ।ਅਧਿਆਪਕ ਇਕੱਲੇ ਇਕੱਲੇ ਬੱਚੇ ਨੂੰ ਦੱਸਣ ਦੀ ਬਜਾਏ ਇਕੱਠਿਆਂ ਹੀ ਪਾਠ ਸਮਝਾ ਸਕਦਾ ਹੈ।ਵਾਰ ਵਾਰ ਕਾਪੀਆਂ ਉੱਪਰ ਲਿਖਣ ਤੋਂ ਵੀ ਬੱਚਿਆਂ ਨੂੰ ਛੁਟਕਾਰਾ ਮਿਲਿਆ ਹੈ ।ਮਾਪਿਆਂ ਉੱਪਰ ਕਾਪੀਆਂ ਖਰੀਦਣ ਦਾ ਵੀ ਕਾਫੀ ਬੋਝ ਘਟਿਆ ਹੈ ।ਬੱਚੇ ਈ ਕੰਟੈਂਟ ਰਾਹੀਂ ਹੀ ਸਿੱਖ ਜਾਂਦੇ ਹਨ।ਅਧਿਆਪਕ ਔਖੇ ਸ਼ਬਦ ਜਾਂ ਔਖੇ ਪਾਠ ਦੁਬਾਰਾ ਬਲੈਕ ਬੋਰਡ ਉੱਪਰ ਹੀ ਸਮਝਾ ਦਿੰਦੇ ਹਨ। ਸਿੱਖਿਆ ਸਕੱਤਰ ਦੁਆਰਾ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਇਹ ਇੱਕ ਸ਼ਲਾਗਾਯੋਗ ਕਦਮ ਹੈ।ਇਸ ਸ਼ਲਾਗਾਯੋਗ ਉਪਰਾਲੇ ਲਈ ਬੱਚਿਆਂ ਦੇ ਮਾਪਿਆ ਵੱਲੋ ਸਿੱਖਿਆ ਸਕੱਤਰ ਕ੍ਰਿਸ਼ਨ ਦੇ ਇਸ ਕੰਮ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ । ਉਮੀਦ ਕਰਦੇ ਹਾਂ ਕਿ ਇਹ ਕਦਮ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਾਰਗਰ ਸਾਬਤ ਹੋਵੇਗਾ।
ਗਿੱਲ ਗੁਲਾਮੀ ਵਾਲਾ
ਸਰਕਾਰੀ ਪ੍ਰਾਇਮਰੀ ਸਕੂਲ
ਯਾਰੇ ਸ਼ਾਹ ਵਾਲਾ
ਬਲਾਕ ਘੱਲ ਖੁਰਦ -1
ਫਿਰੋਜਪੁਰ
ਫੋਨ ਨੰ:94176-17317