Pakistan Charge Sikh Pilgrim 20 Dollars : ਬੀਤੇ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਸਿੱਖਾਂ ਸ਼ਰਧਾਲੂਆਂ ਲਈ ਵੱਡਾ ਐਲਾਨ ਕੀਤਾ ਗਿਆ । ਜਿੱਥੇ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦਾ ਐਲਾਨ ਕੀਤਾ ਗਿਆ ਹੈ । ਜਿਸ ਤੋਂ ਬਾਅਦ ਹੁਣ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਲਈ ਰਵਾਨਾ ਹੋਵੇਗਾ ।
ਜਿਸਦੇ ਲਈ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ । ਜਿਸਦੇ ਰਾਹੀਂ ਇਹ ਜੱਥਾ ਪਾਕਿਸਤਾਨ ਜਾਵੇਗਾ, ਪਰ ਇਨ੍ਹਾਂ ਸਭ ਦੇ ਵਿੱਚ ਵਿੱਤੀ ਮੁਸ਼ਕਲਾਂ ਨਾਲ ਜੂਝ ਰਿਹਾ ਪਾਕਿਸਤਾਨ ਭਾਰਤੀ ਸਿੱਖ ਸ਼ਰਧਾਲੂਆਂ ਤੋਂ ਪੈਸੇ ਵਸੂਲ ਕਰਨ ‘ਤੇ ਅੜਿਆ ਹੋਇਆ ਹੈ । ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ 3120 ਪਾਕਿਸਤਾਨੀ ਰੁਪਏ ਯਾਨੀ ਕਿ 20 ਡਾਲਰ ਦੀ ਵਸੂਲੀ ਦਾ ਪ੍ਰਸਤਾਵ ਰੱਖਿਆ ਗਿਆ ਹੈ ।ਇਸ ਮਾਮਲੇ ਵਿੱਚ ਭਾਰਤ ਵੱਲੋਂ ਇਤਰਾਜ਼ ਜਤਾਇਆ ਗਿਆ ਹੈ । ਦਰਅਸਲ, ਇਸਲਾਮਾਬਾਦ ਵੱਲੋਂ ਭਵਿੱਖ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਕਰਤਾਰਪੁਰ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਇਕ ਵਧੀਆ ਕਮਾਈ ਦਾ ਮੌਕਾ ਮੰਨਿਆ ਜਾ ਰਿਹਾ ਹੈ ।ਇਸ ਮਾਮਲੇ ਵਿੱਚ ਪਾਕਿਸਤਾਨ ਦਾ ਕਹਿਣਾ ਹੈ ਕਿ ਹਰ ਕੋਈ ਕਰਤਾਰਪੁਰ ਲਾਂਘੇ ਦੀ ਵਰਤੋਂ ਬਿਨ੍ਹਾਂ ਕਿਸੇ ਪਾਬੰਦੀ ਦੇ ਕਰ ਸਕਦਾ ਹੈ । ਉੱਥੇ ਹੀ ਭਾਰਤ ਵੱਲੋਂ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਸੌਂਪੀ ਜਾਵੇਗੀ । ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਜ਼ੀਰੋ ਪੁਆਇੰਟ ਤੋਂ ਹੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ ।
ਦੱਸ ਦੇਈਏ ਕਿ ਭਾਰਤ ਵੱਲੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਤਾਰੀਖ਼ ਜਾਰੀ ਕਰ ਦਿੱਤੀ ਗਈ ਹੈ, ਪਰ ਪਾਕਿਸਤਾਨ ਵੱਲੋਂ ਅਧਿਕਾਰਤ ਤੌਰ ‘ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ।