ਦਸਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦੁਨੀਆ ਭਰ ‘ਚ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾ ਰਿਹਾ ਹੈ ਤੇ ਸਾਡੇ ਮਹਾਨ ਸਿੱਖ ਧਰਮ ਨੂੰ ਵਿਦੇਸ਼ਾਂ ‘ਚ ਰਜਿਸਟਰਡ ਕਰਵਾਉਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਸਦਾ ਹੀ ਤੱਤਪਰ ਹਨ। ਇਸ ਕਾਰਵਾਈ ‘ਚ ਸਿੱਖ ਸੰਗਤ ਲਈ ਖੁਸ਼ੀ ਦੀ ਵੱਡੀ ਖ਼ਬਰ ਉਦੋਂ ਆਈ ਜਦੋਂ ਯੂਰਪ ਦੇ ਸਨੁੱਖੇ ਦੇਸ਼ ਆਸਟਰੀਆ ‘ਚ ਸਾਡਾ ਮਹਾਨ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਰਜਿਸਟਰਡ ਹੋ ਗਿਆ ਹੈ।
ਸਿੱਖ ਨੌਜਵਾਨ ਸਭਾ ਨੇ ਆਸਟਰੀਆ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸੁਰੂ ਕੀਤੀ ਸੀ ਤੇ ਮਹਿਜ਼ 13 ਮਹੀਨਿਆਂ ਦੀ ਘਾਲਣਾ ਤੋਂ ਬਾਅਦ 17 ਦਸੰਬਰ 2020 ਨੂੰ ਉਨ੍ਹਾਂ ਨੂੰ ਸਿੱਖ ਧਰਮ ਦੇ ਆਸਟਰੀਆ ‘ਚ ਰਜਿਸਟਰਡ ਹੋਣ ਦਾ ਸਰਟੀਫਿਕੇਟ ਮਿਲ ਗਿਆ ਤੇ 23 ਦਸੰਬਰ 2020 ਤੋਂ ਆਸਟਰੀਆ ‘ਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ ਦੇ ਜਨਮ ਸਰਟੀਫਿਕੇਟ ‘ਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਆਸਟਰੀਆ ਦੀਆਂ ਸਿੱਖ ਸੰਗਤਾਂ ਇਸ ਗੱਲ ਵੱਲ ਧਿਆਨ ਦੇਣ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਜਨਮ ਸਰਟੀਫਿਕੇਟ ‘ਤੇ ਉਸ ਦਾ ਧਰਮ ਸਿੱਖ ਧਰਮ ਲਿਖਾਉਣਾ ਨਾ ਭੁੱਲਣ।