ਪੰਜਾਬ ਕਾਂਗਰਸ ਦੀ ਖਿੱਚਧੂਹ ’ਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਡਟੇ ਰਹਿਣ ਕਾਰਨ ਕਾਂਗਰਸ ਹਾਈ ਕਮਾਨ ਲਈ ਚੁਣੌਤੀ ਖਡ਼ੀ ਕਰ ਦਿੱਤੀ ਹੈ। ਕਾਂਗਰਸ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਚੋਣ ਲਡ਼ਨ ਦੇ ਬਿਆਨ ਨੂੰ ਜਿਸ ਤਰ੍ਹਾਂ ਸਿੱਧੂ ਦੇ ਹਮਾਇਤੀਆਂ ਨੇ ਖਾਰਜ ਕੀਤਾ ਹੈ ਉਸ ਤੋਂ ਸਾਫ ਹੈ ਕਿ ਪਾਰਟੀ ’ਚ ਹਾਲੇ ਸ਼ਾਂਤੀ ਹੋਣ ਦੇ ਕੋਈ ਆਸਾਰ ਨਹੀਂ ਹਨ। ਪਾਰਟੀ ਅਗਵਾਈ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਆਮ ਸਿਆਸੀ ਦਾਅ ਪੇਚ ਨਾਲ ਸਿੱਧੂ ਨੂੰ ਕਾਬੂ ਕਰਨਾ ਸੌਖਾ ਨਹੀਂ ਹੈ। ਇਸੇ ਕਾਰਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕੈਪਟਨ ਦੀ ਅਗਵਾਈ ’ਚ ਚੋਣਾਂ ਲੜਨ ਦੇ ਬਿਆਨ ’ਤੇ ਸਫਾਈ ਦੇਣੀ ਪਈ।
ਰਾਵਤ ਦਾ ਮੌਜੂਦਾ ਬਿਆਨ ਕਾਂਗਰਸੀ ਹਾਈ ਕਮਾਨ ਦੇ ਰੱਖਿਆਤਮਕ ਹੋਣ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲੇ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰੀਸ਼ ਰਾਵਤ ਨੇ ਪਿਛਲੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ’ਚ ਹੀ ਲਡ਼ੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ’ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਸਿਆਸੀ ਹਲਾਤਾਂ ’ਤੇ ਚਰਚਾ ਕੀਤੀ ਤੇ ਸ਼ਨਿਚਰਵਾਰ ਨੂੰ ਦੁਹਰਾਇਆ ਕਿ ਕੈਪਟਨ ਖ਼ਿਲਾਫ਼ ਕੋਈ ਵੀ ਬਗਾਵਤ ਨਹੀਂ ਹੈ ਤੇ ਪਾਰਟੀ ਉਨ੍ਹਾਂ ਦੀ ਅਗਵਾਈ ’ਚ ਹੀ ਚੋਣਾਂ ਲਡ਼ੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਹਾਈ ਕਮਾਨ ਵੱਲੋਂ ਰਾਵਤ ਨੂੰ ਕਾਰਵਾਈ ਕਰਨ ਦਾ ਡਰ ਵਿਖਾਉਣ ਦੀ ਵੀ ਛੋਟ ਦਿੱਤੀ ਜਾ ਚੁੱਕੀ ਹੈ। ਦੂਜੇ ਪਾਸੇ ਬੀਤੇ ਦਿਨਾਂ ’ਚ ਸਿੱਧੂ ਦੇ ਸਾਥੀ ਤੇ ਵੱਡੇ ਹਮਾਇਤੀ ਵਿਧਾਇਕ ਪਰਗਟ ਸਿੰਘ ਨੇ ਜਿਸ ਤਰ੍ਹਾਂ ਹਰੀਸ਼ ਰਾਵਤ ਦੇ ਬਿਆਨ ਨੂੰ ਖਾਰਜ ਕਰਦੇ ਹੋਏ ਸਵਾਲ ਕੀਤਾ ਸੀ ਤਾਂ ਪਾਰਟੀ ਦੇ ਰਣਨੀਤੀਕਾਰ ਵੀ ਹੈਰਾਨ ਰਹਿ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪਤਾ ਹੈ ਕਿ ਰਾਵਤ ਇਸ ਤਰ੍ਹਾਂ ਦਾ ਬਿਆਨ ਕਾਂਗਰਸ ਹਾਈ ਕਮਾਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਦੇ ਸਕਦੇ। ਇਸ ਕਾਰਨ ਸਿੱਧੂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਹਾਈ ਕਮਾਨ ਨੂੰ ਸਾਫ ਤੌਰ ’ਤੇ ਸੰਦੇਸ਼ ਦੇ ਦਿੱਤਾ ਹੈ ਕਿ ਕੈਪਟਨ ਦੇ ਹੱਥ ’ਚ ਸ਼ਕਤੀਆਂ ਦਾ ਕੇਂਦਰੀ ਕਰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ਤੇ ਇਸ ਮਾਮਲੇ ’ਚ ਉਹ ਖੁੱਲ੍ਹੇ ਰੂਪ ’ਚ ਚੁਣੌਤੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ। ਮੌਜੂਦਾ ਬਿਆਨਬਾਜ਼ੀ ਨਾਲ ਮਾਮਲਾ ਹੋਰ ਨਾ ਵਿਗਡ਼ੇ ਇਸ ਲਈ ਰਾਵਤ ਨੇ ਸੋਮਵਾਰ ਨੂੰ ਕੈਪਟਨ ਵਾਲੇ ਬਿਆਨ ’ਤੇ ਗੋਲਮੋਲ ਸਫਾਈ ਦਿੱਤੀ ਜਿਸ ਤੋਂ ਇਹ ਸਾਫ ਹੈ ਕਿ ਹਾਈ ਕਮਾਨ ਕੈਪਟਨ ਤੇ ਸਿੱਧੂ ਵਿਚਕਾਰ ਮੁਡ਼ ਤੋਂ ਸੁਲਾਹ ਕਰਵਾਉਣ ਦੀ ਕੋਸ਼ਿਸ਼ ਸ਼ੁਰੂ ਕਰੇਗਾ ਤੇ ਹਰੀਸ਼ ਰਾਵਤ ਅਗਲੇ ਦੋ ਦਿਨਾਂ ’ਚ ਚੰਡੀਗਡ਼੍ਹ ਆਉਣਗੇ।