ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਾਰਟੀ ਉਨ੍ਹਾਂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾ ਸਕਦੀ ਹੈ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਮਗਰੋਂ ਇਹ ਅਹੁਦਾ ਖਾਲੀ ਪਿਆ ਹੈ।
ਹਾਲਾਂਕਿ, ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ, ਪਰ ਨਵਜੋਤ ਸਿੰਘ ਸਿੱਧੂ ਇਸ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਸਿੱਧੂ ਤੇ ਕੈਪਟਨ ਦਰਮਿਆਨ ਚੱਲ ਰਹੀ ਠੰਢੀ ਜੰਗ ਕਾਰਨ ਉਨ੍ਹਾਂ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੰਨਾ ਹੀ ਨਹੀਂ ਅਸਤੀਫ਼ੇ ਮਗਰੋਂ ਸਿੱਧੂ ਨੇ ਮੰਤਰੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਛੱਡ ਦਿੱਤੀਆਂ ਸਨ ਤੇ ਆਪਣੇ ਹਲਕੇ ਵਿੱਚ ਹੀ ਚਲੇ ਗਏ ਸਨ।
ਸਿੱਧੂ ਨੂੰ ਕੈਪਟਨ ਤੋਂ ਦੂਰ ਕਰਨ ਅਤੇ ਨਾਲ ਹੀ ਆਪਣੇ ਸਟਾਰ ਪ੍ਰਚਾਰਕ ਨੂੰ ਮੁੜ ਤੋਂ ਕੇਂਦਰੀ ਸਿਆਸਤ ਵਿੱਚ ਲਿਆਉਣ ਲਈ ਕਾਂਗਰਸ ਜਲਦ ਹੀ ਉਨ੍ਹਾਂ ਨੂੰ ਦਿੱਲੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ।