ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਮੰਗਲਵਾਰ ਨੂੰ ਮੁੜ ਕੀਤੇ ਗਏ ਟਵੀਟ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਨੇੜੇ ਪਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਹਾਈ ਕਮਾਨ ਤਕ ਪਹੁੰਚ ਤੋਂ ਬਾਅਦ ਵੀ ਨਤੀਜਾ ਸਿਫ਼ਰ ਰਿਹਾ। ਅੱਜ ਕੀਤੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਾਡੀ ਵਿਰੋਧੀ ਪਾਰਟੀ AAP ਨੇ ਹਮੇਸ਼ਾ ਪੰਜਾਬ ਲਈ ਮੇਰੇ ਵਿਜ਼ਨ ਤੇ ਕੰਮ ਨੂੰ ਪਛਾਣਿਆ ਹੈ। 2017 ਤੋਂ ਪਹਿਲਾਂ ਦੀ ਗੱਲ ਹੋਵੇ (ਬੇਅਦਬੀ, ਡਰੱਗਜ਼, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਸਬੰਧੀ ਪੰਜਾਬ ਦਾ ਖ਼ਿਆਲ ਰੱਖਣਾ) ਜਾਂ ਅੱਜ ਜਿਵੇਂ ਦਾ ਮੈਂ ਪੰਜਾਬ ਮਾਡਲ ਪੇਸ਼ ਕਰਦਾ ਹਾਂ, ਲੋਕ ਜਾਣਦੇ ਹਨ ਕਿ ਅਸਲ ਵਿਚ ਪੰਜਾਬ ਲਈ ਕੌਣ ਲੜ ਰਿਹਾ ਹੈ।’ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਤਾਰੀਫ ਕੀਤੀ। ਸਿੱਧੂ ਨੇ ਇਹ ਪੋਸਟ ਭਗਵੰਤ ਮਾਨ ਦੇ ਉਸ ਸਵਾਲ ‘ਤੇ ਕੀਤੀ ਸੀ ਜਿਸ ਵਿਚ ਭਗਵੰਤ ਮਾਨ ਨੇ ਪੁੱਛਿਆ ਸੀ ਕਿ ਥਰਮਲ ਪਲਾਂਟ ਵੱਲੋਂ ਕਾਂਗਰਸ ਨੂੰ ਦਾਨ ਦਿੱਤੇ ਜਾਣ ਦੇ ਮੁੱਦੇ ‘ਤੇ ਚੁੱਪ ਕਿਉਂ ਹਨ।