ਪੰਜਾਬ ਪੁਲਿਸ ਨੇ ਕਬੂਲਿਆ ਲਿਆ ਹੈ ਕਿ ਵਿਵਾਦਾਂ ਦਾ ਬਾਦਸ਼ਾਹ ਗਾਇਕ ਸਿੱਧੂ ਮੂਸੇਵਾਲਾ ਕਦੇ ਨਹੀਂ ਸੁਧਰ ਸਕਦਾ। ਇਹ ਗੱਲ ਖੁਦ ਏਡੀਜੀਪੀ ਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨਿਰਦੇਸ਼ਕ ਅਰਪਿਤ ਸ਼ੁਕਲਾ ਨੇ ਕਬੂਲੀ ਹੈ। ਪੁਲਿਸ ਨੇ ਮੂਸੇਵਾਲਾ ਖਿਲਾਫ ਕਈ ਕੇਸ ਦਰਜ ਕੀਤੇ ਹਨ ਪਰ ਉਸ ਨੇ ਤਾਜ਼ਾ ਗਾਣੇ ‘ਸੰਜੂ’ ਵਿੱਚ ਪੁਲਿਸ ਦਾ ਹੀ ਮਜ਼ਾਕ ਉਡਾ ਦਿੱਤਾ। ਹੁਣ ਪੁਲਿਸ ਵੀ ਪ੍ਰੇਸ਼ਾਨ ਹੈ।
ਏਡੀਜੀਪੀ ਸ਼ੁਕਲਾ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਹਾਲ ਹੀ ਵਿੱਚ ਗਾਇਆ ਗਾਣਾ ਨਾ ਸਿਰਫ ਪੁਲਿਸ ਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਂਦਾ ਹੈ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਗਾਇਕ ਕਦੇ ਨਹੀਂ ਸੁਧਰ ਸਕਦਾ ਤੇ ਉਹ ਵਾਰ-ਵਾਰ ਇਸ ਤਰ੍ਹਾਂ ਦੇ ਜੁਰਮਾਂ ਨੂੰ ਜਾਰੀ ਰੱਖੇਗਾ। ਸ਼ੁਕਲਾ ਨੇ ਕਿਹਾ ਕਿ ਮੂਸੇਵਾਲਾ ਦੇ ਗਾਣੇ ‘ਚ ਏਕੇ 47 ਰਾਈਫਲਾਂ ਤੇ ਹੋਰ ਹਥਿਆਰਾਂ ਦੀ ਵਰਤੋਂ ਜਾਣਬੁੱਝ ਕੇ ਕੀਤੀ ਗਈ ਹੈ ਜੋ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਨੇ 80 ਤੇ 90 ਦੇ ਦਹਾਕੇ ਵਿੱਚ ਅੱਤਵਾਦ ਦੇ ਕਾਲੇ ਦੌਰ ਦਾ ਸਾਹਮਣਾ ਕੀਤਾ ਹੈ।
ਸ਼ੁਕਲਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਹਾਲ ਹੀ ਦੇ ਗਾਣੇ ਨੂੰ ਆਪਣੀ ਤਾਰੀਫ ਵਜੋਂ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਖ਼ਿਲਾਫ਼ ਥਾਣਾ ਸਟੇਟ ਕ੍ਰਾਈਮ ਪੰਜਾਬ ਫੇਜ਼-4 ਮੁਹਾਲੀ ਵਿੱਚ ਆਈਪੀਸੀ ਦੀ ਧਾਰਾ 188/294/504/120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਗਾਣਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਕਿਸਮਾਂ ਦੀਆਂ ਐਫਆਈਆਰ ਨੂੰ ਪ੍ਰਾਈਡ ਦੱਸਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਕੇਸ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ। ਏਡੀਜੀਪੀ ਨੇ ਕਿਹਾ ਕਿ ਪੁਲਿਸ ਛੇਤੀ ਹੀ ਹਾਈ ਕੋਰਟ ਵੱਲੋਂ ਮੂਸੇਵਾਲਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ।
ਸ਼ੁਕਲਾ ਨੇ ਅੱਗੇ ਕਿਹਾ ਕਿ ਗਾਣਾ ਨਾ ਸਿਰਫ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦਾ ਹੈ, ਸਗੋਂ ਨਿਆਂਪਾਲਿਕਾ, ਪੁਲਿਸ ਤੇ ਵਕੀਲਾਂ ਨੂੰ ਵੀ ਨੀਵਾਂ ਵਿਖਾਉਂਦਾ ਹੈ। ਏਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲਾਈਵ ਸ਼ੋਅ ਦੌਰਾਨ ਕੋਈ ਵੀ ਗਾਣਾ ਸ਼ਰਾਬ, ਨਸ਼ਾ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਸਟੇਜ ‘ਤੇ ਨਾ ਗਾਇਆ ਜਾਵੇ।
ਸ਼ੁਕਲਾ ਨੇ ਦੱਸਿਆ ਕਿ ਮੂਸੇਵਾਲਾ ‘ਤੇ ਇਸੇ ਸਾਲ 1 ਫਰਵਰੀ ਨੂੰ ਮਾਨਸਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ। 4 ਮਈ ਨੂੰ ਬਰਨਾਲਾ ਪੁਲਿਸ ਨੇ ਕਰਫਿਊ ਦੌਰਾਨ ਏਕੇ-47 ਰਾਈਫਲ ਚੱਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਆਪਦਾ ਪ੍ਰਬੰਧਨ ਤੇ ਹਥਿਆਰ ਐਕਟ ਤਹਿਤ ਵੱਖਰੇ ਅਪਰਾਧ ਲਈ ਕੇਸ ਦਰਜ ਕੀਤਾ ਸੀ।