India vs Bangladesh T20 Match: ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਯਾਨੀ ਕਿ ਆਖਰੀ ਮੁਕਾਬਲਾ ਖੇਡਿਆ ਜਾਵੇਗਾ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਬੰਗਲਾਦੇਸ਼ ਖਿਲਾਫ਼ ਸੀਰੀਜ਼ ‘ਤੇ ਕਬਜ਼ਾ ਕਰਨ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ । ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਬੰਗਲਾਦੇਸ਼ ਨੇ 7 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਭਾਰਤ ਨੇ ਕਪਤਾਨ ਰੋਹਿਤ ਦੀ 85 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦੂਜਾ ਮੁਕਾਬਲਾ 8 ਵਿਕਟਾਂ ਨਾਲ ਜਿੱਤਿਆ ਸੀ । ਹੁਣ ਐਤਵਾਰ ਨੂੰ ਨਾਗਪੁਰ ਵਿੱਚ ਫੈਸਲਾਕੁੰਨ ਮੁਕਾਬਲਾ ਹੈ, ਜਿਸ ਵਿੱਚ ਦੋਵੇਂ ਟੀਮਾਂ ਜਿੱਤ ਹਾਸਿਲ ਕਰਨ ਲਈ ਪੂਰਾ ਜ਼ੋਰ ਲਾਉਣਗੀਆਂ ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਭਾਰਤ ਤੋਂ ਹਾਲੇ ਤੱਕ ਕੋਈ ਟੀ-20 ਸੀਰੀਜ਼ ਨਹੀਂ ਜਿੱਤੀ ਹੈ । ਜੇਕਰ ਬੰਗਲਾਦੇਸ਼ ਦੀ ਟੀਮ ਦਿੱਲੀ ਦੇ ਪ੍ਰਦਰਸ਼ਨ ਨੂੰ ਦੁਹਰਾ ਦਿੰਦੀ ਹੈ ਤਾਂ ਉਹ ਇਤਿਹਾਸ ਬਣਾ ਸਕਦੀ ਹੈ । ਜੇਕਰ ਇਥੇ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਆਪਣੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਵਿਚੋਂ ਖਾਸ ਤੌਰ ‘ਤੇ ਰੋਹਿਤ ‘ਤੇ ਨਿਰਭਰ ਹੈ ਤੇ ਜੇਕਰ ਇਨ੍ਹਾਂ ਵਿਚੋਂ ਕੋਈ ਅਸਫਲ ਰਹਿੰਦਾ ਹੈ ਤਾਂ ਭਾਰਤ ਦਾ ਮੱਧ ਤੇ ਹੇਠਲਾ ਕ੍ਰਮ ਮੈਚ ਬਚਾ ਨਹੀਂ ਸਕਦਾ । ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਭਾਰਤ ਕੋਲੋਂ 8 ਮੈਚ ਗੁਆਏ ਸਨ ਪਰ 9ਵੇਂ ਮੁਕਾਬਲੇ ਵਿਚ ਉਸ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਰੋਹਿਤ ਕੋਲ ਭਾਰਤ ਵਲੋਂ ਸਭ ਤੋਂ ਪਹਿਲਾਂ 400 ਛੱਕੇ ਪੂਰੇ ਕਰਨ ਦਾ ਮੌਕਾ ਹੈ । ਰੋਹਿਤ ਨੇ ਟੈਸਟ ਕ੍ਰਿਕਟ ਵਿੱਚ 51 ਛੱਕੇ, ਵਨਡੇ ਵਿੱਚ 232 ਛੱਕੇ ਤੇ ਟੀ-20 ਕੌਮਾਂਤਰੀ ਵਿੱਚ 115 ਛੱਕੇ ਲਾਏ ਹਨ । ਰੋਹਿਤ ਜੇਕਰ ਇਸ ਮੈਚ ਵਿਚ 50 ਤੋਂ ਵੱਧ ਦਾ ਸਕੋਰ ਕਰਦਾ ਹੈ ਤਾਂ ਉਹ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ 23 ਵਾਰ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ । ਫਿਲਹਾਲ ਰੋਹਿਤ ਤੇ ਵਿਰਾਟ ਕੋਹਲੀ ਦੋਵੇਂ ਹੀ 22-22 ਵਾਰ 50 ਤੋਂ ਵੱਧ ਦਾ ਸਕੋਰ ਬਣਾ ਚੁੱਕੇ ਹਨ ।
ਉੱਥੇ ਹੀ ਦੂਜੇ ਪਾਸੇ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਕੋਲ ਵੀ ਇਸ ਮੈਚ ਵਿੱਚ ਆਪਣੀਆਂ 50 ਟੀ-20 ਵਿਕਟਾਂ ਪੂਰੀਆਂ ਕਰਨ ਦਾ ਮੌਕਾ ਰਹੇਗਾ । ਇਸ ਤੋਂ ਪਹਿਲਾਂ ਇਹ ਉਪਲੱਬਧੀ ਆਰ. ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਹਾਸਿਲ ਕਰ ਚੁੱਕੇ ਹਨ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ (ਕਪਤਾਨ), ਖਲੀਲ ਅਹਿਮਦ, ਯੁਜਵੇਂਦਰ ਚਾਹਲ, ਦੀਪਕ ਚਾਹਰ, ਰਾਹੁਲ ਚਾਹਰ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਸੰਜੂ ਸੈਮਸਨ,ਤੇ ਸ਼ਾਰਦੁਲ ਠਾਕੁਰ ਸ਼ਾਮਿਲ ਹਨ ।
ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਮਹਿਮੂਦਉੱਲ੍ਹਾ ਰਿਆਦ (ਕਪਤਾਨ), ਤਾਈਜੁਲ ਇਸਲਾਮ, ਮੁਹੰਮਦ ਮਿਥੁਨ, ਲਿਟਨ ਦਾਸ, ਸੌਮਿਆ ਸਰਕਾਰ, ਨਾਇਮ ਸ਼ੇਖ, ਮੁਸ਼ਫਿਕਰ ਰਹੀਮ, ਆਫਿਫ ਹੁਸੈਨ, ਮੋਸਾਡੇਕ ਹੁਸੈਨ ਸੇਕਤ, ਅਬੂ ਹਿਦੇਰ, ਅਲ ਅਮੀਨ ਹੁਸੈਨ, ਮੁਸਤਾਫਿਜ਼ੁਰ ਰਹਿਮਾਨ,ਅਮੀਨੁਲ ਇਸਲਾਮ ਬਿਪਲਵ, ਅਰਾਫਾਤ ਸਨੀ, ਤੇ ਸ਼ਫੀਉੱਲ ਇਸਲਾਮ ਸ਼ਾਮਿਲ ਹਨ ।